ਚੰਡੀਗੜ,02 ਅਗਸਤ (ਜੀ98 ਨਿਊਜ਼) : ਆਪਣੇ ਲੱਛੇਦਾਰ ਭਾਸ਼ਣ ਜ਼ਰੀਏ ਲੋਕਾਂ ਨੂੰ ਬੰਨ ਕੇ ਰੱਖਣ ਵਾਲੇ ਸਿਆਸੀ ਆਗੂ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਨੇ ਆਪਣੇ ਪਿਤਾ ਖ਼ਿਲਾਫ਼ ਬਗਾਵਤ ਕਰ ਦਿੱਤੀ ਹੈ। ਬੀਬੀ ਅਮਨਜੋਤ ਕੌਰ ਆਪਣੇ ਪਿਤਾ ਰਾਮੂਵਾਲੀਆ ਦੇ ਫ਼ੈਸਲੇ ਤੋਂ ਬਿਲਕੁਲ ਉਲਟ ਭਾਜਪਾ ’ਚ ਸ਼ਾਮਲ ਹੋ ਗਈ ਹੈ। ਸ੍ਰੀ ਰਾਮੂਵਾਲੀਆ ਆਪਣੀ ਧੀ ਅਮਨਜੋਤ ਕੌਰ ਨੂੰ ਸ਼ੋ੍ਮਣੀ ਅਕਾਲੀ ਦਲ (ਸੁਯੰਕਤ) ਵਿੱਚ ਸ਼ਾਮਲ ਕਰਵਾਉਣ ਚਾਹੁੰਦਾ ਸੀ। ਬੀਬਾ ਅਮਨਜੋਤ ਕੌਰ ਨੇ ਪੰਜਾਬ ਭਾਜਪਾ ਦੇ ਇੰਚਾਰਜ ਤਰੁਣ ਚੁੱਘ ਤੇ ਭਾਜਪਾ ਆਗੂ ਤਜਿੰਦਰ ਸਿੰਘ ਸਰਾਂ ਦੀ ਹਾਜ਼ਰੀ ’ਚ ਦਿੱਲੀ ਵਿਖੇ ‘ਕਮਲ ਦਾ ਫੁੱਲ’ ਫੜ ਲਿਆ। ਦੱਸ ਦੇਈਏ ਕਿ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਮੌਕੇ ਬੀਬੀ ਅਮਨਜੋਤ ਕੌਰ ਜ਼ਿਲਾ ਪਲੈਨਿੰਗ ਬੋਰਡ ਮੁਹਾਲੀ ਦੇ ਚੇਅਰਮੈਨ ਦੇ ਅਹੁਦੇ ’ਤੇ ਰਹੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਖ਼ੁਦ ਸ੍ਰੀ ਰਾਮੂਵਾਲੀਆ ਨੇ ਕਈ ਪਾਰਟੀਆਂ ਦਾ ਸੁਆਦ ਚੱਖਿਆ ਹੈ । ਸ਼ਾਇਦ ਇਸੇ ਕਰਕੇ ਲੋਕ ਬੀਬੀ ਰਾਮੂਵਾਲੀਆ ਦੀ ਸਿਆਸੀ ਪਲਟੀ ਨੂੰ ‘‘ਕੋਕੋ ਦੇ ਬੱਚਿਆਂ’’ ਵਾਲੀ ਕਹਾਵਤ ਨਾਲ ਜੋੜ ਰਹੇ ਹਨ।