ਚੰਡੀਗੜ, 03 ਅਗਸਤ (ਜੀ98 ਨਿਊਜ਼) : ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਇੱਕ ਵਾਰ ਫੇਰ ਚਰਚਾ ਵਿੱਚ ਹਨ। ਕੁਝ ਸਮਾਂ ਪਹਿਲਾਂ ਆਪਣੀ ਚਰਿੱਤਰ ਹੀਣਤਾ ਸੰਬੰਧੀ ਵਾਇਰਲ ਹੋਈ ਇੱਕ ਵੀਡੀਓ ਕਾਰਨ ਸੁੱਚਾ ਸਿੰਘ ਲੰਗਾਹ ਕਾਫ਼ੀ ਸੁਰਖੀਆਂ ਵਿੱਚ ਰਹੇ ਸਨ। ਸਿੱਖ ਪੰਥ ਦੀ ਸੁਪਰੀਮ ਅਦਾਲਤ ਨੇ ਲੰਗਾਹ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਸੁੱਚਾ ਸਿੰਘ ਲੰਗਾਹ ਪਿਛਲੇ ਤਿੰਨ ਮਹੀਨੀਆਂ ਤੋਂ ਵੱਧ ਸਮੇਂ ਤੋਂ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ (ਅੰਮਿ੍ਤਸਰ ) ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲਾਂ ਕਰ ਰਹੇ ਹਨ ਕਿ ਉਸ ਨੂੰ ਮੁਆਫ਼ ਕਰਕੇ ਪੰਥ ਵਿੱਚ ਮੁੜ ਸ਼ਾਮਲ ਕੀਤਾ ਜਾਵੇ। ਇੱਥੇ ਹੀ ਬੱਸ ਨਹੀਂ ਸਗੋਂ ਲੰਗਾਹ ਸੰਤਾਂ,ਮਹਾਂਪੁਰਸ਼ਾਂ, ਸਿੱਖ ਜਥੇਬੰਦੀਆਂ, ਸੰਪਰਦਾਵਾਂ ਅਤੇ ਸਿੱਖ ਸੰਗਤ ਅੱਗੇ ਅਰਜੋਈਆਂ ਕਰ ਰਹੇ ਹਨ ਕਿ ਉਸ ਦੀ ਪੰਥ ਵਿੱਚ ਵਾਪਸੀ ਦੀ ਅਪੀਲ ਨੂੰ ਜਥੇਦਾਰ ਤੋਂ ਮਨਜ਼ੂਰ ਕਰਵਾਇਆ ਜਾਵੇ। ਲੰਗਾਹ ਨੇ ਆਪਣੇ ਮਾਤਾ-ਪਿਤਾ ਦਾ ਵਾਸਤਾ ਪਾ ਕੇ ਵੀ ਹੱਥ ਜੋੜੇ ਹਨ ਕਿ ਉਸ ਦੇ ਮਾਤਾ-ਪਿਤਾ ਜਿਉਂਦੇ ਜੀਅ ਉਸ ਨੂੰ ਪੰਥ ਵਿੱਚ ਸ਼ਾਮਲ ਹੋਇਆ ਦੇਖਣਾ ਚਾਹੁੰਦੇ ਹਨ। ਲੰਗਾਹ ਦੇ ਮਾਮਲੇ ’ਚ ਸਭ ਦੀਆਂ ਨਜ਼ਰਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਤੋਂ ਇਲਾਵਾ ਅਕਾਲੀ ਦਲ ਦੇ ਸੁਪਰੀਮ ਵੱਲ ਵੀ ਟਿਕੀਆਂ ਹੋਈਆਂ ਹਨ।