ਚੰਡੀਗੜ,03 ਅਗਸਤ (ਜੀ98 ਨਿਊਜ਼) : ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਕੱਲੀ ਕਹਾਵਤ ਅਨੁਸਾਰ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਂਗ ਵਾਅਦਿਆਂ ਦਾ ਪਿਟਾਰਾ ਖੋਲ ਦਿੱਤਾ ਹੈ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੂਬੇ ਦੇ ਲੋਕਾਂ ਨਾਲ 13 ਮੁੱਢਲੇ ਚੋਣ ਵਾਅਦਿਆਂ ਦਾ ਐਲਾਨ ਕਰਕੇ ਸ਼੍ਰੋ੍ਮਣੀ ਅਕਾਲੀ ਦਲ ਬਸਪਾ ਗੱਠਜੋੜ ਨੇ ਇੱਕ ਤਰਾਂ ਨਾਲ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਵਾਅਦਾ ਕੀਤਾ ਕਿ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ’ਤੇ ਨੀਲਾ ਕਾਰਡ ਸਕੀਮ ਤਹਿਤ ਘਰ ਦੀ ਮੁਖੀ ਔਰਤ ਦੇ ਖ਼ਾਤੇ ਵਿੱਚ ‘ਮਾਤਾ ਖੀਵੀ ਜੀ ਰਸੋਈ ਯੋਜਨਾ’ ਤਹਿਤ 2000 ਰੁਪਏ ਪ੍ਰਤੀ ਮਹੀਨਾ ਜਮਾਂ ਕਰਵਾਏ ਜਾਣਗੇ। ਕਿਸਾਨਾਂ ਲਈ ਖੇਤੀ ਦੇ ਕੰਮ ਅਤੇ ਟਰੈਕਟਰ ਵਾਸਤੇ 10 ਰੁਪਏ ਪ੍ਰਤੀ ਲੀਟਰ ਸਸਤਾ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ। ਮੁਫ਼ਤ ਬਿਜਲੀ ਸਕੀਮ ਤਹਿਤ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਦੋ ਕਦਮ ਅੱਗੇ ਜਾਂਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਸਾਰੇ ਗਰੀਬਾਂ ਦੇ ਕੱਟੇ ਕੁਨੈਕਸ਼ਨ ਮੁੜ ਚਾਲੂ ਕਰਨ ਅਤੇ 400 ਯੂਨਿਟ ਹਰ ਘਰ ਲਈ ਮੁਫ਼ਤ ਦੇਣ ਦਾ ਵਾਅਦਾ ਵੀ ਕੀਤਾ। ਇਸ ਤੋਂ ਇਲਾਵਾ ਪੰਜਾਬ ਵਾਸੀਆਂ ਲਈ 10 ਲੱਖ ਪ੍ਰਤੀ ਸਾਲ ਸਿਹਤ ਬੀਮਾ ਯੋਜਨਾ, ਐਸਸੀ ਸਕਾਲਰਸ਼ਿਪ ਸਕੀਮ ਤਹਿਤ ਸਾਰੇ ਕਾਲਜਾਂ ’ਚ ਦਾਖ਼ਲਾ ਅਤੇ ਪੜਾਈ ਅਤੇ ਦੇਸ਼ ਵਿਦੇਸ਼ ਵਿੱਚ ਪੜਾਈ ਅਤੇ ਆਈਲੈਟਸ ਵਾਸਤੇ ਵਿਦਿਆਰਥੀ ਕਾਰਡ ਬਣਾਏ ਜਾਣਗੇ। ਉਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਤੇ ਐਕਟ ਰੱਦ ਕੀਤੇ ਜਾਣਗੇ। ਬੇਰੁਜ਼ਗਾਰਾਂ ਨਾਲ ਵਾਅਦਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਂ ਸਾਲਾਂ ’ਚ 1 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਸਰਕਾਰੀ ਨੌਕਰੀਆਂ ‘ਚ ਪੰਜਾਬ ਦੇ ਪੜਨ ਵਾਲੇ ਵਿਦਿਆਰਥੀਆਂ ਲਈ ਵੱਡਾ ਵਾਅਦਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸਰਕਾਰੀ ਸਕੂਲਾਂ ’ਚ ਪੜਨ ਵਾਲੇ ਮੁੰਡਿਆਂ ਲਈ 33 ਪ੍ਰਤੀਸ਼ਤ ਅਤੇ ਕੁੜੀਆਂ ਲਈ 50 ਪ੍ਰਤੀਸ਼ਤ ਰਾਖਵਾਂਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਨਤਕ ਅਤੇ ਨਿੱਜੀ ਖੇਤਰ ਉਦਯੋਗਾਂ ਵਿੱਚ ਪੰਜਾਬ ਦੇ ਬੇਰੁਜ਼ਗਾਰਾਂ ਲਈ 75 ਪ੍ਰਤੀਸ਼ਤ ਨੌਕਰੀਆਂ ਦਾ ਰਾਖਵਾਂਕਰਨ ਹੋਵੇਗਾ। ਉਨਾਂ ਕਿਹਾ ਕਿ ਮਾਈਕਰੋ ਸਮਾਲ ਇੰਡਸਟਰੀ ਲਈ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ ਅਤੇ ਵੱਡੀ ਇੰਡਸਟਰੀ ਨੂੰ ਸੋਲਰ ਐਨਰਜੀ ਨਾਲ ਜੋੜਿਆ ਜਾਵੇਗਾ। ਸੂਬੇ ਦੇ ਲੋਕਾਂ ਨਾਲ ਡਿਜ਼ੀਟਲ ਵਾਅਦਾ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਇੱਕ ਸਾਲ ਬਾਅਦ ਸਾਰਾ ਕੰਮ ਆਨਲਾਈਨ ਕੀਤਾ ਜਾਵੇਗਾ।