ਚੰਡੀਗੜ,06 ਅਗਸਤ (ਜੀ98 ਨਿਊਜ਼) :ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਲੰਮੇ ਸਮੇਂ ਤੋਂ ਫੋਟੋਗ੍ਰਾਫੀ ਕਿੱਤੇ ਨਾਲ ਜੁੜੇ ਹਸਮੁੱਖ ਤੇ ਮਿਲਣਸਾਰ ਤਬੀਅਤ ਦੇ ਮਾਲਕ ਰਣਧੀਰ ਸਿੰਘ ਫੱਗੂਵਾਲਾ ਨੂੰ ਅਗਲੇ 2 ਵਰਿਆਂ ਲਈ ਪ੍ਰਧਾਨ ਚੁਣ ਲਿਆ ਹੈ। ਰਾਏਕੋਟ ਨਜ਼ਦੀਕ ਮੰਡੇਰ ਪੈਲਸ ਵਿੱਚ ਹੋਏ ਪੀਪੀਏ ਦੇ ਡੈਲੀਗੇਟ ਇਜ਼ਲਾਸ ਵਿੱਚ ਆਲ ਇੰਡੀਆ ਫੋਟੋਗ੍ਰਾਫਿਕ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਰਣਧੀਰ ਸਿੰਘ ਦਾ ਨਾਮ ਪ੍ਰਧਾਨਗੀ ਪਦ ਲਈ ਪੇਸ਼ ਕੀਤਾ, ਜਿਸ ਤੋਂ ਬਾਅਦ ਹਾਜ਼ਰ ਡੈਲੀਗੈਟਾਂ ਨੇ ਸਰਬਸੰਮਤੀ ਨਾਲ ਰਣਧੀਰ ਸਿੰਘ ਫੱਗੂਵਾਲਾ ਦੇ ਨਾਮ ’ਤੇ ਸਹਿਮਤੀ ਦਿੱਤੀ। ਇਸ ਮੌਕੇ ਗੁਰਨਾਮ ਸਿੰਘ ਨੇ ਪੀਪੀਏ ਦੀਆਂ ਪ੍ਰਾਪਤੀਆਂ ਅਤੇ ਟੀਚਿਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਪੀਪੀਏ ਦੀ ਮੌਜੂਦਾ ਟੀਮ ਦਾ ਸਹਿਯੋਗ ਲਈ ਧੰਨਵਾਦ ਕੀਤਾ । ਰਣਧੀਰ ਸਿੰਘ ਨੇ ਆਪਣੀ ਚੋਣ ’ਤੇ ਸਮੁੱਚੇ ਡੈਲੀਗੇਟਸ਼ ਦਾ ਧੰਨਵਾਦ ਕਰਦੇ ਹੋਏ ਫੋਟੋਗ੍ਰਾਫਰਾਂ ਦੀ ਭਲਾਈ ਅਤੇ ਨਵੀਂ ਤਕਨੀਕ ਦੀ ਜਾਣਕਾਰੀ ਸੰਬੰਧੀ ਗੁਰਨਾਮ ਸਿੰਘ ਵੱਲੋਂ ਸ਼ੁਰੂ ਕੀਤੇ ਉਪਰਾਲੇ ਜਾਰੀ ਰੱਖਣ ਦਾ ਵਿਸ਼ਵਾਸ ਦਿੱਤਾ। ਪੀਪੀਏ ਦੇ ਇਸ ਸਮਾਗਮ ਦਾ ਵਿਸ਼ੇਸ਼ ਪੱਖ ਇਹ ਵੀ ਰਿਹਾ ਕਿ ਆਲ ਇੰਡੀਆ ਫੋਟੋਗ੍ਰਾਫਿਕ ਫੈਡਰੇਸ਼ਨ ਦੀ ਸਮੁੱਚੀ ਟੀਮ ਨੇ ਵੀ ਸ਼ਮੂਲੀਅਤ ਕੀਤੀ, ਜਿਨਾਂ ਦਾ ਪੀਪੀਏ ਦੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸ੍ਰੀ ਆਰ ਕੇ ਪ੍ਰਦੀਪ, ਗੁਰਚਰਨ ਸਿੰਘ ਪ੍ਰੀਤ, ਪੀਪੀਏ ਦੇ ਸੂਬਾ ਭਰ ਤੋਂ ਪੁੱਜੇ ਡੇਲੀਗੇਟ ਹਾਜ਼ਰ ਸਨ।
