ਬਰਨਾਲਾ, 07 ਅਗਸਤ (ਨਿਰਮਲ ਸਿੰਘ ਪੰਡੋਰੀ) : ਸਥਾਨਕ ਲੱਖੀ ਕਲੋਨੀ ਵਿੱਚ ‘ਤੀਆਂ ਤੀਜ ਦੀਆਂ’ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਲੋਨੀ ਦੀਆਂ ਔਰਤਾਂ ਨੇ ਭਰਵੀਂ ਗਿਣਤੀ ’ਚ ਸ਼ਮੂਲੀਅਤ ਕੀਤੀ। ਅਗਾਹਵਧੂ ਵਿਚਾਰਾਂ ਦੀ ਧਾਰਨੀ ਮਨਜਿੰਦਰ ਕੌਰ ਰਾਏਸਰ ਤੇ ਜਸਵੀਰ ਕੌਰ ਚੀਮਾ ਦੇ ਉਦਮ ਸਦਕਾ ਕਰਵਾਏ ਇਸ ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਝਲਕ ਪੇਸ਼ ਕੀਤੀ, ਬੋਲੀਆਂ ਪਾ ਕੇ, ਨੱਚ ਕੇ ਧਮਾਲਾਂ ਪਾਈਆਂ । ਇਸ ਮੌਕੇ ਗੱਲਬਾਤ ਕਰਦਿਆਂ ਜਸਵੀਰ ਕੌਰ ਚੀਮਾ ,ਮਨਜਿੰਦਰ ਕੌਰ ਰਾਏਸਰ, ਨਵਦੀਪ ਕੌਰ ਵਜੀਦਕੇ ਅਤੇ ਸੁਮਨ ਨੇ ਕਿਹਾ ਕਿ ਤੀਆਂ ਇੱਕ ਅਜਿਹਾ ਤਿਉਹਾਰ ਹੈ , ਜਿਸ ਵਿੱਚ ਮੁਟਿਆਰਾਂ ਅਤੇ ਮਹਿਲਾਵਾਂ ਇਕੱਠੇ ਹੋ ਕੇ ਜਿੱਥੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀਆਂ ਬਾਤਾਂ ਪਾਉਦੀਆਂ ਹਨ, ਉੱਥੇ ਆਪਣੀਆਂ ਗੂੜੀਆਂ ਸਾਂਝਾ ਨੂੰ ਵੀ ਇੱਕ ਦੂਜੀ ਨਾਲ ਫਰੋਲਦੀਆਂ ਹਨ। ਉਨਾਂ ਕਿਹਾ ਕਿ ਕੁਝ ਸਾਲਾਂ ਤੋਂ ਤੀਆਂ ਪ੍ਰਤੀ ਮੁਟਿਆਰਾਂ/ਔਰਤਾਂ ਦਾ ਰੁਝਾਨ ਘਟ ਰਿਹਾ ਸੀ ਪਰ ਇਹ ਚੰਗੀ ਗੱਲ ਹੈ ਕਿ ਹੁਣ ਦੁਬਾਰਾ ਤੀਆਂ ਦੇ ਤਿਉਹਾਰ ਪ੍ਰਤੀ ਦਿਲਚਸਪੀ ਪੈਦਾ ਹੋ ਰਹੀ ਹੈ। ਉਨਾਂ ਕਿਹਾ ਕਿ ਪੁਰਾਤਨ ਸਮੇਂ ’ਚ ਪਿੰਡਾਂ ਦੇ ਬਾਹਰਵਾਰ ਖੁੱਲੀਆਂ ਤੇ ਸਾਂਝੀਆਂ ਥਾਂਵਾਂ ਉੱਪਰ ਸਾਉਣ ਮਹੀਨੇ ਕਈ-ਕਈ ਦਿਨ ਤੀਆਂ ਲੱਗਦੀਆਂ ਸਨ ਅਤੇ ਕਿੱਕਲੀ ਤੇ ਬੋਲੀਆਂ ਦੀ ਗੂੰਜ ਚਾਰੇ ਪਾਸੇ ਧਮਕ ਪਾਉਦੀ ਸੀ ਅਤੇ ਪਿੱਪਲਾਂ ’ਤੇ ਪਾਈ ਪੀਂਘ ਦੀ ਅਸਮਾਨ ਛੂਹਦੀ ਉਡਾਰੀ ਕੁੜੀਆਂ ਦੇ ਜੋਸ਼ ਦਾ ਪ੍ਰਤੀਕ ਹੁੰਦੀ ਸੀ। ਜਸਵੀਰ ਕੌਰ ਚੀਮਾ ਨੇ ਕਿਹਾ ਕਿ ਅਗਲੇ ਵਰੇ ਤੋਂ ਇਹ ਸਮਾਗਮ ਹੋਰ ਵੀ ਵਧੀਆ ਤਰੀਕੇ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਮਨਪ੍ਰੀਤ ਕੌਰ, ਸਵੀਨਾ ਬਰਨਾਲਾ, ਹਰਦੀਪ ਕੌਰ, ਸੰਗੀਤਾ ਰਾਣੀ,ਮਨਪ੍ਰੀਤ ਕੌਰ ਮਥੂਰਾ ਆਦਿ ਨੇ ਵੀ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਦਿੱਤਾ।
