ਚੰਡੀਗੜ, 09 ਅਗਸਤ (ਜੀ98 ਨਿਊਜ਼) : ਬਿਜਲੀ ਦੇ ਕੇਂਦਰੀ ਅਪੀਲੀ ਟਿ੍ਰਬਿਊਨਲ ਨੇ ਪਾਵਰਕਾਮ ਨੂੰ ਕਰਾਰਾ ਝੱਟਕਾ ਦਿੰਦੇ ਹੋਏ ਤਲਵੰਡੀ ਸਾਬੋ ਪ੍ਰਾਈਵੇਟ ਥਰਮਲ ਪਲਾਂਟ ਨੂੰ 550 ਕਰੋੜ ਰੁਪਏ ਦੇਣ ਦੇ ਹੁਕਮ ਜਾਰੀ ਕੀਤੇ ਹਨ। ਪਾਵਰਕਾਮ ਨੇ ਇਨਾਂ ਹੁਕਮਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਗੱਲ ਵੀ ਕਹੀ ਹੈ। ਪਾਵਰਕਾਮ ਦੇ ਚੇਅਰਮੈਨ ਸ੍ਰੀ ਏ ਵੇਣੂ ਪ੍ਰਸ਼ਾਦ ਨੇ ਕਿਹਾ ਕਿ ਇਹ ਕੇਸ ਪਾਵਰਕਾਮ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ’ਚ ਜਿੱਤਿਆ ਸੀ ਪਰ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਕੰਪਨੀ ਵੇਦਾਂਤਾ ਗਰੁੱਪ ਨੇ ਇਸ ਨੂੰ ਕੇਂਦਰੀ ਅਪੀਲੀ ਟਿ੍ਬਿਊਨਲ ਵਿੱਚ ਚੁਣੌਤੀ ਦਿੱਤੀ ਸੀ ਤੇ ਹੁਣ ਪਾਵਰਕਾਮ ਸੁਪਰੀਮ ਕੋਰਟ ’ਚ ਚੁਣੌਤੀ ਦੇਵੇਗਾ। ਵੇਦਾਂਤਾ ਗਰੁੱਪ ਅਨੁਸਾਰ ਉਸ ਦੀ ਪਾਵਰਕਾਮ ਵੱਲ ਵਿਦੇਸ਼ੀ ਕੋਲੇ ਦੀ ਵਰਤੋਂ ਸੰਬੰਧੀ ਇਹ ਰਕਮ ਹੈ। ਕੁੱਲ ਮਿਲਾ ਕੇ ਇਹ ਵਾਧੂ ਬੋਝ ਖਪਤਕਾਰਾਂ ਦੀਆਂ ਜੇਬਾਂ ਉੱਪਰ ਵੀ ਪਵੇਗਾ। ਪੀਐਸਈਬੀ ਇੰਜਨਰੀਅਰਜ਼ ਐਸੋਸੀਏਸ਼ਨ ਨੇ ਸਾਰੇ ਪੁਆੜੇ ਦੀ ਜੜ ਗਲਤ ਨੀਤੀਆਂ ਨੂੰ ਦੱਸਦੇ ਹੋਏ ਕਿਹਾ ਕਿ ਪ੍ਰਾਈਵੇਟ ਥਰਮਲ ਪਲਾਂਟ ਲਾਉਣ ਸਮੇਂ ਵੱਡੀਆਂ ਗੜਬੜੀਆਂ ਹੋਈਆਂ ਹਨ। ਐਸੋਸੀਏਸ਼ਨ ਦੇ ਇਸ ਖੁਲਾਸੇ ਨੇ ਤੱਤਕਾਲੀਨ ਸਰਕਾਰ ਅਤੇ ਉਸ ਤੋਂ ਬਾਅਦ ਦੀ ਸਰਕਾਰ ਨੂੰ ਕਟਹਿਰੇ ’ਚ ਖੜਾ ਕੀਤਾ ਹੈ।