- ਵਿਧਾਇਕ ਨੂੰ ਆਪਣੇ ਸਕੇ ਭਾਣਜੇ ਦਾ ਨਾਮ ਨਹੀਂ ਪਤਾ
ਚੰਡੀਗੜ,09 ਅਗਸਤ (ਜੀ98 ਨਿਊਜ਼) : ਅੰਮਿ੍ਤਸਰ ਜ਼ਿਲੇ ’ਚ ‘ਪ੍ਰਧਾਨ ਮੰਤਰੀ ਗਰੀਬ ਕਲਿਆਣ’ ਯੋਜਨਾ ਤਹਿਤ ਵੰਡੀ ਜਾਣ ਵਾਲੀ ਕਣਕ ’ਚ ਲੱਗਭੱਗ 20 ਕਰੋੜ ਦੇ ਘਪਲੇ ਦਾ ਸੇਕ ਫੂਡ ਸਪਲਾਈ ਵਿਭਾਗ ਨੂੰ ਖੂਬ ਲੱਗ ਰਿਹਾ ਹੈ। ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਉਕਤ 20 ਕਰੋੜ ਕਣਕ ਘੁਟਾਲੇ ਦੀ ਗੱਲ ਕਬੂਲ ਕਰ ਲਈ ਹੈ। ਮੰਤਰੀ ਨੇ ਕਿਹਾ ਕਿ ਪੜਤਾਲ ਦੌਰਾਨ ਸਟਾਕ ’ਚ 20 ਕਰੋੜ ਮੁੱਲ ਦੀਆਂ 1,84,344 ਬੋਰੀਆਂ ਘੱਟ ਮਿਲੀਆਂ ਹਨ। ਉਨਾਂ ਕਿਹਾ ਕਿ ਇੰਸਪੈਕਟਰ ਜਸਦੇਵ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ ਅਤੇ ਹੋਰ ਅਫ਼ਸਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਦੋਸ਼ੀ ਇੰਸਪੈਕਟਰ ਜਸਦੇਵ ਸਿੰਘ ਇਸ ਵੇਲੇ ਦੁਬਈ ਵਿੱਚ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਇੱਕ ਦਿਲਚਸਪ ਕਹਾਣੀ ਅਨੁਸਾਰ ਕਾਂਗਰਸ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਦੋਸ਼ੀ ਇੰਸਪੈਕਟਰ ਜਸਦੇਵ ਸਿੰਘ ਨੂੰ ਆਪਣਾ ਸਕਾ ਭਾਣਜਾ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਦਾ ਸਕਾ ਭਾਣਜਾ ਜਸਦੀਪ ਸਿੰਘ ਹੈ, ਜੋ ਅੰਮਿ੍ਤਸਰ ਮਾਰਕੀਟ ਕਮੇਟੀ ’ਚ ਨੌਕਰੀ ਕਰਦਾ ਹੈ । ਜਲਾਲਪੁਰ ਨੇ ਕਿਹਾ ਕਿ ਪਹਿਲਾਂ ਉਹ ਗਲਤੀ ਨਾਲ ਜਸਦੇਵ ਸਿੰਘ ਨੂੰ ਆਪਣਾ ਸਕਾ ਭਾਣਜਾ ਦੱਸ ਬੈਠੇ ਸਨ, ਕਿਉਂਕਿ ਉਸ ਨੂੰ ਆਪਣੇ ਸਕੇ ਭਾਣਜੇ ਦੇ ਅਸਲ ਨਾਮ ਦਾ ਪਤਾ ਨਹੀਂ ਸੀ। ਹੈਰਾਨੀ ਹੁੰਦੀ ਹੈ ਕਿ ਜੇਕਰ ਵਿਧਾਇਕ ਦਾ ਸਕਾ ਭਾਣਜਾ ਮਾਰਕੀਟ ਕਮੇਟੀ ’ਚ ਨੌਕਰੀ ਕਰਦਾ ਹੈ ਤਾਂ ਉਸ ਨੇ ਫੂਡ ਸਪਲਾਈ ਦੇ ਘਪਲੇਬਾਜ਼ ਇੰਸਪੈਕਟਰ ਨੂੰ ਆਪਣਾ ਭਾਣਜਾ ਕਿਵੇਂ ਮੰਨ ਲਿਆ। ਇਸ ਮਾਮਲੇ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਚੁੱਪ ਅਜੇ ਨਹੀਂ ਖੁੱਲੀ, ਸ਼ਾਇਦ ਵਿਧਾਇਕ ਮਦਨ ਲਾਲ ਜਲਾਲਪੁਰ ਨਾਲ ਸਿੱਧੂ ਦੀ ਨੇੜਤਾ ਇਸ ਦਾ ਕਾਰਨ ਹੋ ਸਕਦੀ ਹੈ।