ਚੰਡੀਗੜ, 10 ਅਗਸਤ (ਜੀ98 ਨਿਊਜ਼) : ਅਜੋਕੇ ਦੌਰ ’ਚ ਮੌਸਮ ਵਿੱਚ ਜੋ ਸਖ਼ਤ ਤਬਦੀਲੀਆਂ ਹੋ ਰਹੀਆਂ ਹਨ, ਇਹ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖ਼ਤਰਨਾਕ ਹੋ ਜਾਣਗੀਆਂ । ਗਰੀਨ ਹਾਊਸ ਗੈਸਾਂ ਦਾ ਪੱਧਰ ਵਾਤਾਵਰਨ ਵਿੱਚ ਵਧਣ ਕਾਰਨ ਵਿਸ਼ਵ ਦੇ ਸਾਰੇ ਖੇਤਰਾਂ ’ਚ ਇਸ ਦਾ ਅਸਰ ਪੈ ਰਿਹਾ ਹੈ ਪ੍ਰੰਤੂ ਇਸ ਦਾ ਵੱਧ ਅਸਰ ਪੈਣ ਕਾਰਨ ਹਿੰਦ ਮਹਾਂਸਾਗਰ ਤੇਜ਼ੀ ਨਾਲ ਗਰਮ ਹੋ ਰਿਹਾ ਹੈ। ਇਹ ਗੰਭੀਰ ਚਿਤਾਵਨੀ ਸੰਯੁਕਤ ਰਾਸ਼ਟਰ ਦੀ ਇਕ ਕਮੇਟੀ ਨੇ ਦਿੱਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸਮੁੱਚੇ ਵਿਸ਼ਵ ’ਚ ਤਪਸ਼ ਦਾ ਪੱਧਰ ਇਸ ਤੇਜ਼ੀ ਨਾਲ ਵਧ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਕੁਝ ਵੀ ਖ਼ਤਰਨਾਕ ਹੋਣਾ ਸੰਭਵ ਹੈ। ਵਿਗਿਆਨੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਭਾਰਤ ਵਿਚ ਆਉਣ ਵਾਲੇ ਸਮੇਂ ’ਚ ਗਰਮੀ ਵਧੇਗੀ ਅਤੇ ਹੋਰ ਹੜ ਆਉਣਗੇ, ਮੀਂਹ ਵੀ ਜ਼ਿਆਦਾ ਪੈਣਗੇ ਤੇ ਗਲੇਸ਼ੀਅਰ ਵੀ ਪਹਿਲਾਂ ਨਾਲੋਂ ਵੱਧ ਪਿਘਲਣਗੇ। ਸੰਯੁਕਤ ਰਾਸ਼ਟਰ ਦੀ ਜਲਵਾਯੂ ਤਬਦੀਲੀ ਬਾਰੇ ਕਮੇਟੀ ਨੇ ਇਸ ਸਭ ਕਾਸੇ ਲਈ ਮਨੁੱਖ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ । ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਹੈ ਕਿ ਕੋਇਲੇ ਅਤੇ ਹੋਰ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਵਾਲੇ ਜੈਵਿਕ ਈਂਧਣ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਸੰਯੁਕਤ ਰਾਸ਼ਟਰ ਕਮੇਟੀ ਦੀ ਇਸ ਰਿਪੋਰਟ ਨੇ ਭਾਵੇਂ ਵਾਤਾਵਰਨ ਪ੍ਰੇਮੀਆਂ ਦੀ ਚਿੰਤਾ ਵਧਾ ਦਿੱਤੀ ਹੈ ਪ੍ਰੰਤੂ ‘‘ਚੱਲ ਛੱਡ ਪਰੇ ਆਪਾਂ ਕੀ ਲੈਣਾ’’ ਦੀ ਸੋਚ ਰੱਖਣ ਅਤੇ ਵਾਤਾਵਰਨ ਤਬਦੀਲੀ ਸਬੰਧੀ ਲਾਪ੍ਰਵਾਹੀ ਵਰਤਣ ਵਾਲੇ ਲੋਕਾਂ ਨੂੰ ਵੀ ਹੁਣ ਆਪਣੇ ਬੱਚਿਆਂ ਦੇ ਤੰਦਰੁਸਤ ਭਵਿੱਖ ਲਈ ਮੈਦਾਨ ਵਿਚ ਆਉਣਾ ਪਵੇਗਾ, ਨਹੀਂ ਤਾਂ ਇਹ ਕੋਈ ਅਤਿਕਥਨੀ ਨਹੀਂ ਕਿ ਸਾਡੇ ਕੋਲ ਪਛਤਾਉਣ ਦਾ ਸਮਾਂ ਵੀ ਨਹੀਂ ਬਚੇਗਾ।