ਬਰਨਾਲਾ,10 ਅਗਸਤ (ਨਿਰਮਲ ਸਿੰਘ ਪੰਡੋਰੀ/ਰਵਿੰਦਰ ਕੁਮਾਰ ਬਿੱਲੀ) : ਅਜੋਕੇ ਦੌਰ ਦੇ ਪਦਾਰਥਵਾਦੀ ਯੁੱਗ ਵਿੱਚ ਤਾਂ ਆਪਣੇ ਲਈ ਸਮਾਂ ਕੱਢਣਾ ਬਹੁਤ ਔਖਾ ਕੰਮ ਹੈ ਪ੍ਰੰਤੂ ਕੁਝ ਨਿਰਸਵਾਰਥ ਇਨਸਾਨ ਆਪਣੇ ਸਮੇਂ ਵਿੱਚੋਂ ਵੀ ਸਮੇਂ ਦਾ ਦਸਵੰਧ ਲੋੜਵੰਦਾਂ ਲਈ ਕੱਢ ਲੈਂਦੇ ਹਨ, ਜੋ ਦੂਜਿਆਂ ਲਈ ਵੀ ਪ੍ਰੇਰਨਾ ਦਾ ਪ੍ਰਤੀਕ ਬਣ ਜਾਂਦੇ ਹਨ। ਅਜਿਹੇ ਕੁਝ ਹਿੰਮਤੀ ਬੰਦਿਆਂ ਦੀ ਸੇਵਾ ਭਾਵਨਾ ਇੱਕ ਸੰਸਥਾ ਦਾ ਰੂਪ ਧਾਰਨ ਕਰ ਲੈਂਦੀ ਹੈ। ਅਜਿਹੀ ਹੀ ਇੱਕ ਸੰਸਥਾ ਬਰਨਾਲਾ ਸ਼ਹਿਰ ’ਚ ‘‘ ਸ੍ਰੀ ਬਾਲਾ ਜੀ ਟਰੱਸਟ’’ (ਰਜਿ:) ਬਣੀ ਹੋਈ ਹੈ, ਜੋ ਸ੍ਰੀ ਬਾਲਾ ਜੀ ਮਹਾਰਾਜ ਦੀਆਂ ਸਿਖਿਆਵਾਂ ਨਾਲ ਜੋੜਨ ਅਤੇ ਲੋੜਵੰਦ ਪਰਿਵਾਰਾਂ ਲਈ ਵਿਸ਼ਾਲ ਲੰਗਰ ਲਗਾਉਦੀ ਹੈ।
ਸ੍ਰੀ ਬਾਲਾ ਜੀ ਟਰੱਸਟ (ਰਜਿ:) ਦੇ ਕਾਰਜ ਖੇਤਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗਿਆਨ ਚੰਦ ਉੱਪਲੀਵਾਲੇ ਨੇ ਦੱਸਿਆ ਕਿ ਸ਼ਹਿਰ ਦੇ ਸੇਵਾ ਭਾਵਨਾ ਵਾਲੇ ਵਿਅਕਤੀਆਂ ਨੇ ਇਕੱਠੇ ਹੋ ਕੇ ਸਾਲ 2003 ਵਿੱਚ ਇਸ ਸੰਸਥਾ ਦੀ ਸਥਾਪਨਾ ਕੀਤੀ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਹਰ ਸ਼ਨੀਵਾਰ, ਮੰਗਲਵਾਰ ਤੇ ਪੂਰਨਮਾਸ਼ੀ ਨੂੰ ਸ੍ਰੀ ਬਾਲਾ ਜੀ ਧਾਮ ਮੰਦਰ ਪਰਿਸ਼ਰ ਰਾਮਬਾਗ ਵਿਖੇ ਸ੍ਰੀ ਸੁੰਦਰ ਕਾਂਡ ਜੀ ਦੇ ਪਾਠ ਕਰਵਾਏ ਜਾਂਦੇ ਹਨ ਅਤੇ ਹਰ ਪੂਰਨਮਾਸ਼ੀ ਨੂੰ ਲੰਗਰ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਦੁਸਹਿਰੇ ਵਾਲੇ ਦਿਨ ਤੋਂ ਲੈ ਕੇ ਪੂਰਨਮਾਸ਼ੀ ਤੱਕ ਸ੍ਰੀ ਸਾਲਾਸਰ ਧਾਮ ਜ਼ਿਲਾ ਚੁਰੂ (ਰਾਜਸਥਾਨ ) ਵਿਖੇ ਸ਼ਹਿਰ ਦੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵਿਸ਼ਾਲ ਲੰਗਰ ਲਗਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਭਗਤਾਂ ਨੂੰ ਸ੍ਰੀ ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਨ ਤੇ ਚਰਨਾਂ ਵਿੱਚ ਜੋੜਨ ਦੀ ਮਨਸ਼ਾ ਨਾਲ ਹਰ ਸਾਲ 22 ਅਪ੍ਰੈਲ ਨੂੰ ਵਿਸ਼ਾਲ ਜਾਗਰਣ ਕਰਵਾਇਆ ਜਾਂਦਾ ਹੈ। ਉਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਕੋਰੋਨਾ ਕਾਲ ਦੌਰਾਨ ਟਰੱਸਟ ਵੱਲੋਂ ਪ੍ਰਸਾਸ਼ਨ ਦੀਆਂ ਹਦਾਇਤਾਂ ਅਨੁਸਾਰ ਲੋੜਵੰਦ ਪਰਿਵਾਰਾਂ ਨੂੰ ਭੋਜਨ ਅਤੇ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਗਿਆ ਸੀ।
ਟਰੱਸਟ ਵੱਲੋਂ ਕੀਤੇ ਗਏ ਇੱਕ ਵਿਲੱਖਣ ਕਾਰਜ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗਿਆਨ ਚੰਦ ਉੱਪਲੀਵਾਲੇ ਨੇ ਦੱਸਿਆ ਕਿ 22 ਅਪ੍ਰੈਲ 2018 ਨੂੰ ਰਾਮਬਾਗ ਪਰਿਸ਼ਰ ਵਿੱਚ ਸ੍ਰੀ ਬਾਲਾ ਜੀ ਮਹਾਰਾਜ ਦਾ ਮੰਦਰ ਦਾਨੀ ਸੱਜਣਾਂ ਅਤੇ ਵਿਸ਼ੇਸ ਕਰਕੇ ਰਾਮਬਾਗ ਕਮੇਟੀ ਦੇ ਸਹਿਯੋਗ ਨਾਲ ਬਣਾਇਆ ਗਿਆ। ਇਸ ਮੰਦਰ ਵਿੱਚ ਵਿਸ਼ੇਸ ਤੌਰ ’ਤੇ ਕੀਤੀ ਗਈ ਚਾਂਦੀ ਦੀ ਸੇਵਾ ਵੇਖਣਯੋਗ ਹੈ। ਇਸ ਸੁੰਦਰ ਅਸਥਾਨ ’ਤੇ ਭਗਤਜਨ ਸ੍ਰੀ ਬਾਲਾ ਜੀ ਮਹਾਰਾਜ ਦਾ ਗੁਣਗਾਨ ਕਰਦੇ ਹਨ ਤੇ ਸ੍ਰੀ ਬਾਲਾ ਜੀ ਮਹਾਰਾਜ ਹਰ ਇੱਕ ਦੀ ਮਨੋਕਾਮਨਾ ਪੂਰੀ ਕਰਦੇ ਹਨ। ਇਸ ਮੰਦਰ ਦੀ ਸੇਵਾ ਸੰਭਾਲ ਅਤੇ ਪੂਜਾ ਅਰਚਨਾ ਪੰਡਿਤ ਸ੍ਰੀ ਗਿਰਧਾਰੀ ਲਾਲ ਜੀ ਕਰਦੇ ਹਨ।
ਸ੍ਰੀ ਬਾਲਾ ਜੀ ਟਰੱਸਟ (ਰਜਿ:) ਦੀ ਟੀਮ ਵਿੱਚ ਸਰਪ੍ਰਸਤ ਸ੍ਰੀ ਅਮਰਜੀਤ ਕਾਲੇਕੇ, ਚੇਅਰਮੈਨ ਰਾਮੇਸਵਰ ਲਾਲ ਰਾਮੂ, ਪ੍ਰਧਾਨ ਗਿਆਨ ਚੰਦ ਉੱਪਲੀਵਾਲੇ, ਮੀਤ ਪ੍ਰਧਾਨ ਵਿਮਲ ਜੈਨ, ਸਕੱਤਰ ਰਾਜਿੰਦਰ ਗੋਇਲ, ਜੁਆਇੰਟ ਸਕੱਤਰ ਅਸ਼ਵਨੀ ਕੁਮਾਰ ਕਾਂਸਲ, ਖ਼ਜਾਨਚੀ ਰਾਮੇਸ਼ ਮੰਗਲਾ, ਸਟੋਰ ਕੀਪਰ ਸ਼ਤੀਸ ਕੁਮਾਰ ਅਤੇ ਮੈਂਬਰ ਅੰਿਮਤਪਾਲ, ਸੰਦੀਪ ਕੁਮਾਰ ਢੰਡ, ਨਵੀਨ ਸਿੰਗਲਾ, ਰਵੀ ਕੁਮਾਰ, ਮੁਨੀਸ਼ ਕੁਮਾਰ, ਅਮਰਦੀਪ ਤੇ ਯਸ਼ਪਾਲ ਗਰਗ ਸੇਵਾ ਭਾਵਨਾ ਨਾਲ ਸ੍ਰੀ ਬਾਲਾ ਜੀ ਟਰੱਸਟ ਦੇ ਬੈਨਰ ਹੇਠ ਕੰਮ ਕਰ ਰਹੇ ਹਨ।
