ਚੰਡੀਗੜ,10 ਅਗਸਤ (ਜੀ98 ਨਿਊਜ਼) : ਪੰਜਾਬ ਸਰਕਾਰ ਨੇ ਪਾਵਰਕਾਮ ਵੱਲੋਂ ਦਲਿਤਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਨੂੰ ਦਿੱਤੀ ਜਾਂਦੀ 200 ਯੂਨਿਟਾਂ ਦੀ ਮੁਆਫੀ ਦਾ ਬਕਾਇਆ ਦੇਣ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਸਰਕਾਰ ਵੱਲ ਪਾਵਰਕਾਮ ਦਾ ਇਹ ਬਕਾਇਆ 137 ਕਰੋੜ ਤੋਂ ਵੱਧ ਖੜਾ ਹੈ। ਸਰਕਾਰ ਨੇ ਤਾਂ ਪਾਵਰਕਾਮ ਨੂੰ ਸਾਫ਼ ਆਖ ਦਿੱਤਾ ਕਿ 200 ਯੂਨਿਟਾਂ ਦੀ ਮੁਆਫੀ ਦਾ ਇਹ ਬਕਾਇਆ ਵੱਟੇ ਖਾਤੇ ਪਾ ਦਿੱਤਾ ਜਾਵੇ। ਪ੍ਰੰਤੂ ਪਾਵਰਕਾਮ ਨੇ ਅਜਿਹਾ ਕਰਨ ਤੋਂ ਜਵਾਬ ਦੇ ਦਿੱਤਾ ਹੈ। ਪਾਵਰਕਾਮ ਦਾ ਕਹਿਣਾ ਹੈ ਕਿ 137 ਕਰੋੜ ਵਿੱਚੋਂ 50 ਪ੍ਰਤੀਸ਼ਤ ਦਾ ਭਾਰ ਪਾਵਰਕਾਮ ਚੁੱਕੇਗਾ, 25 ਪ੍ਰਤੀਸ਼ਤ ਸਰਕਾਰ ਚੁੱਕੇ ਅਤੇ ਬਾਕੀ 25 ਪ੍ਰਤੀਸ਼ਤ ਖਪਤਕਾਰਾਂ ਤੋਂ ਵਸੂਲ ਲਏ ਜਾਣਗੇ। ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਇਸ ਆਰਥਿਕ ਕਲੇਸ਼ ਦਾ ਖ਼ਮਿਆਜ਼ਾ 4.37 ਲੱਖ ਖ਼ਪਤਕਾਰਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ। ਯਾਦ ਰਹੇ ਕਿ ਅਜੇ ਪਿਛਲੇ ਮਹੀਨੇ ਹੀ ਸਰਕਾਰ ਨੇ ਵੱਡੇ-ਵੱਡੇ ਉਦਯੋਗਾਂ ਨੂੰ ਕਰੋੜਾਂ ਰੁਪਏ ਦੀ ਸਬਸਿਡੀ ਦਿੱਤੀ ਹੈ ਪਰ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਨੂੰ ਵੋਟਾਂ ਦੇ ਲਾਲਚ ਵਿੱਚ ਦਿੱਤੀ ਸਬਸਿਡੀ ਭਰਨ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ।