ਬਰਨਾਲਾ, 11 ਅਗਸਤ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਦੇ ਥਾਣਾ ਸਦਰ ਅਧੀਨ ਪੈਂਦੀ ਹੰਡਿਆਇਆ ਚੌਂਕੀ ਦੀ ਪੁਲਿਸ ਵੱਲੋਂ ਕਰੰਸੀ ਨੋਟ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਬਲਦੇਵ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਸੋਹਲ ਪੱਤੀ ਦੀ ਸ਼ਿਕਾਇਤ ਦੇ ਅਧਾਰ ’ਤੇ ਜਸਕਰਨ ਸਿੰਘ ਗੱਗੀ ਅਤੇ ਲਵਪ੍ਰੀਤ ਸਿੰਘ ਲੱਭੂ ਵਾਸੀ ਹੰਡਿਆਇਆ ਨੂੰ ਇੱਕ ਸਕੈਨ ਕਰਨ ਵਾਲਾ ਸ਼ੀਸ਼ਾ, 500 ਦੇ ਕਰੰਸੀ ਨੋਟ ਦੇ ਸਾਈਜ਼ ਦੀਆਂ 16 ਸਫ਼ੈਦ ਕਾਗਜ਼ ਦੀਆਂ ਗੁੱਟੀਆਂ, 200 ਰੁਪਏ ਦੇ ਨੋਟ ਦੀਆਂ ਸਫ਼ੈਦ ਕਾਗਜ਼ ਦੀਆਂ 5 ਗੁੱਟੀਆਂ ਸਮੇਤ 3 ਹਜ਼ਾਰ ਰੁਪਏ ਨਗਦ ਕਾਬੂ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਦੋਸ਼ੀ ਭੋਲੇ ਭਾਲੇ ਲੋਕਾਂ ਨਾਲ ਰੁਪਏ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਜਾਅਲੀ ਨੋਟ ਤਿਆਰ ਕਰਕੇ ਠੱਗੀ ਮਾਰਦੇ ਸਨ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਧਾਰਾ 420/120/489/511 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।