ਬਰਨਾਲਾ, 12 ਅਗਸਤ (ਨਿਰਮਲ ਸਿੰਘ ਪੰਡੋਰੀ) : ਜੇਐਸ ਅਕੈਡਮੀ/ਇੰਮੀਗ੍ਰੇਸ਼ਨ ਦੇ ਵਿਹੜੇ ‘ਤੀਆਂ ਤੀਜ ਦੀਆਂ’ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਫਿਲਮੀ ਅਦਾਕਾਰਾ ਰੁਪਿੰਦਰ ਰੂਪੀ,ਸੀਡੀਪੀਓ ਬਰਨਾਲਾ ਰਤਿੰਰਪਾਲ ਕੌਰ ਧਾਲੀਵਾਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਪੰਜਾਬੀ ਸੱਭਿਆਚਰ ਤੇ ਪੰਜਾਬੀ ਵਿਰਸੇ ਦੀ ਝਲਕ ਪਾ ਰਿਹਾ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਪੰਡਾਲ ਹਾਜ਼ਰੀਨ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ।

ਇਸ ਮੌਕੇ ਰੁਪਿੰਦਰ ਰੂਪੀ ਨੇ ਤੀਆਂ ਦੇ ਤਿਉਹਾਰ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਤੀਆਂ ਦਾ ਤਿਉਹਾਰ ਮੁਟਿਆਰਾਂ/ਧੀਆਂ ਦੀਆਂ ਉਮੰਗਾਂ ਨੂੰ ਉਡਾਰੀ ਦੇਣ ਵਾਲਾ ਤਿਉਹਾਰ ਹੈ, ਜਿੱਥੇ ਮੁਟਿਆਰਾਂ ਇਕੱਠੀਆਂ ਹੋ ਕੇ ਆਪਣੇ ਦਿਲ ਦੇ ਵਲਵਲੇ ਖੋਲਦੀਆਂ ਹਨ। ਰੁਪਿੰਦਰ ਰੂਪੀ ਨੇ ਮੁਟਿਆਰਾਂ ਦੀ ਮੰਗ ’ਤੇ ਆਪਣੀਆਂ ਫਿਲਮਾਂ ਦੇ ਪ੍ਰਸਿੱਧ ਡਾਇਲਾਗ ਸੁਣਾ ਕੇ ਅਤੇ ਖੁਦ ਨੱਚ ਕੇ ਖ਼ਬੂ ਰੰਗ ਬੰਨਿਆ। ਸੀਡੀਪੀਓ ਰਤਿੰਦਰਪਾਲ ਕੌਰ ਨੇ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਅਜਿਹੇ ਸਮਾਗਮਾਂ ਨੂੰ ਔਰਤ ਸਸ਼ਕਤੀਕਰਨ ਦਾ ਰੂਪ ਦੇ ਕੇ ਅਜੋਕੇ ਬਦਲ ਰਹੇ ਦੌਰ ਸੰਬੰਧੀ ਔਰਤਾਂ ਨੂੰ ਹਰ ਪੱਖ ਤੋਂ ਸਿੱਖਿਅਤ ਅਤੇ ਸੁਚੇਤ ਕੀਤਾ ਜਾਵੇ। ਇਸ ਮੌਕੇ ਫਿਲਮੀ ਡਾਇਰੈਕਟਰ ਭੁਪਿੰਦਰ ਬਰਨਾਲਾ ਨੇ ਵੀ ਉਚੇਚੇ ਤੌਰ ’ਤੇ ਹਾਜ਼ਰੀ ਭਰੀ। ਜੇਐਸ ਅਕੈਡਮੀ/ਇੰਮੀਗ੍ਰੇਸ਼ਨ ਦੇ ਚੇਅਰਮੈਨ ਬਲਰਾਮ ਸਿੰਘ ਚੱਠਾ ਨੇ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਸਵਾਗਤ ਕੀਤਾ। ਸੰਸਥਾ ਵੱਲੋਂ ਇਸ ਸਮਾਗਮ ਦਾ ਲੁਤਫ਼ ਲੈਣ ਆਈਆਂ ਧੀਆਂ/ਮੁਟਿਆਰਾਂ ਲਈ ਖਾਣ -ਪੀਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ,ਪੱਤਰਕਾਰ ਮਨੋਜ ਸ਼ਰਮਾ, ਪੱਤਰਕਾਰ ਗੁਰਮੀਤ ਸਿੰਘ, ਜਗਦੀਪ ਸਿੰਘ ਐਮਡੀ,ਰਘਵੀਰ ਹੈਪੀ,ਹਰਜਿੰਦਰ ਸਿੰਘ ਨਹਿਰੀ ਪਟਵਾਰੀ,ਲਾਡੀ ਬਰਨਾਲਾ,ਮੈਡਮ ਪਵਿੱਤਰ ਕੌਰ, ਮੈਡਮ ਮੁਸਕਾਨ,ਜਸਪ੍ਰੀਤ ਕੌਰ,ਤਨਵੀਰ ਕੌਰ, ਜਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਮੈਡਮ ਜਸਵਿੰਦਰ ਕੌਰ ਨੇ ਬਾਖ਼ੂਬੀ ਕੀਤਾ।
