ਬਰਨਾਲਾ, 12 ਅਗਸਤ (ਨਿਰਮਲ ਸਿੰਘ ਪੰਡੋਰੀ) : ਅਕਾਲੀ ਦਲ ਦੇ ਸਾਬਕਾ ਐਮਸੀ ਸੁਖਪਾਲ ਸਿੰਘ ਰੁਪਾਣਾ ਨੇ ਅਕਾਲੀ ਦਲ ਨਾਲੋਂ ਤੋੜ-ਵਿਛੋੜਾ ਕਰਕੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਹੈ । ਸੁਖਪਾਲ ਸਿੰਘ ਰੁਪਾਣਾ ਦੀ ਪਤਨੀ ਕਰਮਜੀਤ ਕੌਰ ਰੁਪਾਣਾ ਮੌਜੂਦਾ ਕੌਂਸਲਰ ਹੈ। ਰੁਪਾਣਾ ਦਾ ਪਰਿਵਾਰ ਪਿਛਲੇ ਲੱਗਭੱਗ 30 ਵਰਿਆਂ ਤੋਂ ਕੌਂਸਲਰ ਦੇ ਅਹੁਦੇ ’ਤੇ ਕਾਬਜ ਹੈ ਅਤੇ ਰੁਪਾਣਾ ਦੇ ਪਿਤਾ ਗੁਲਜ਼ਾਰ ਸਿੰਘ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਹਨ। ਆਪਣੀ ਸਿਆਸੀ ਪਲਟੀ ਸੰਬੰਧੀ ਰੁਪਾਣਾ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਅਕਾਲੀ ਦਲ ’ਚ ਸਥਾਨਕ ਨੇਤਾ ਉਸ ਦੀ ਗੱਲ ਨਹੀਂ ਸੁਣਦੇ ਸਨ, ਫਿਰ ਇਸ ਪਾਰਟੀ ਵਿੱਚ ਰਹਿਣ ਦਾ ਕੀ ਫਾਇਦਾ ਹੈ। ਸੁਖਪਾਲ ਸਿੰਘ ਰੁਪਾਣਾ ਦਾ ਕਾਂਗਰਸ ਵਿੱਚ ਸਵਾਗਤ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ’ਚ ਵਿਕਾਸ ਕਾਰਜਾਂ ਦੀ ਰਫ਼ਤਾਰ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦਾ ਕਾਫ਼ਲਾ ਵੱਡਾ ਹੋ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਰਹੇ ਸੁਖਪਾਲ ਸਿੰਘ ਰੁਪਾਣਾ ਦਾ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੀ ਕੋਈ ਕੰਮ ਫਸਿਆ ਹੋਇਆ ਹੈ, ਜੋ ਨਾ ਹੋਣ ਕਰਕੇ ਰੁਪਾਣਾ ਨੇ ਅਕਾਲੀ ਦਲ ਦੇ ਸਥਾਨਕ ਆਗੂਆਂ ਤੋਂ ਮੂੰਹ ਮੋੜਿਆ ਹੋਇਆ ਸੀ।