-ਕਿਰਨਜੀਤ ਕੌਰ ਦਾ 24ਵਾਂ ਬਰਸੀ ਸਮਾਗਮ ਕਿਸਾਨ ਅੰਦੋਲਨ ਨੂੰ ਸਮਰਪਿਤ ਰਿਹਾ
ਬਰਨਾਲਾ,12 ਅਗਸਤ (ਨਿਰਮਲ ਸਿੰਘ ਪੰਡੋਰੀ) : ਜਬਰ ਅਤੇ ਜ਼ੁਲਮ ਦੇ ਖ਼ਿਲਾਫ਼ ਸੰਘਰਸ਼ ਕਰਦੀ ਹੋਈ ਸ਼ਹਾਦਤ ਤਾ ਪ੍ਰਤੀਕ ਬਣੀ ਬੀਬੀ ਕਿਰਨਜੀਤ ਕੌਰ ਦੇ 24ਵੇਂ ਬਰਸੀ ਸਮਾਗਮ ਮੌਕੇ ਮਹਿਲ ਕਲਾਂ ਦੀ ਕ੍ਰਾਂਤੀਕਾਰੀ ਧਰਤੀ ’ਤੇ ਹਜ਼ਾਰਾਂ ਦੀ ਗਿਣਤੀ ’ਚ ਜੁੜੇ ਇਕੱਠ ਨੇ ਕੇਂਦਰ ਸਰਕਾਰ ਖ਼ਿਲਾਫ਼ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਲੜਾਈ ਜਿੱਤ ਕੇ ਵਾਪਸ ਮੁੜਨ ਦਾ ਪ੍ਰਣ ਕੀਤਾ। ਸੰਯੁਕਤ ਮੋਰਚੇ ਵੱਲੋਂ ਇਸ ਵਾਰ ਕਿਰਨਜੀਤ ਕੌਰ ਦਾ ਬਰਸੀ ਸਮਾਗਮ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਸੀ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਮਨਜੀਤ ਸਿੰਘ ਧਨੇਰ, ਰੁਲਦੂ ਸਿੰਘ ਮਾਨਸਾ , ਰਜਿੰਦਰ ਸਿੰਘ ਦੀਪਸਿੰਘਵਾਲਾ ਨੇ ਆਪਣੇ ਸੰਬੋਧਨ ਦੌਰਾਨ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਹੇ ਲੋਕਾਂ ਦਾ ਹੋਰ ਇਮਤਿਹਾਨ ਨਾ ਲੈਣ ਦੀ ਸਲਾਹ ਦਿੱਤੀ। ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਾਨੂੰਨ ਕਿਸਾਨੀ ਸਮੇਤ ਸਮੁੱਚੀ ਪੇਂਡੂ ਸੱਭਿਆਚਾਰ ਦੇ ਉਜਾੜੇ ਦਾ ਰਾਹ ਪੱਧਰਾ ਕਰਨ ਵਾਸਤੇ ਲਿਆਂਦੇ ਗਏ ਹਨ। ਉਨਾਂ ਕਿਹਾ ਕਿ ਜ਼ਮੀਨਾਂ ਤੇ ਜ਼ਮੀਰਾਂ ਦੀ ਲੜਾਈ ਲੜ ਰਹੇ ਲੋਕਾਂ ਅੱਗੇ ਮੋਦੀ ਸਰਕਾਰ ਇਖ਼ਲਾਕੀ ਤੌਰ ’ਤੇ ਹਾਰ ਚੁੱਕੀ ਹੈ। ਕਿਸਾਨ ਅੰਦੋਲਨ ਨੇ ਜ਼ਬਰ ਅਤੇ ਜ਼ੁਲਮ ਦੇ ਖ਼ਿਲਾਫ਼ ਜੂਝ ਰਹੇ ਕਾਫਲਿਆਂ ਲਈ ਆਸ ਦੀ ਕਿਰਨ ਜਗਾਈ ਹੈ। ਬਰਸੀ ਸਮਾਗਮ ਵਿੱਚ ਸ਼ਾਮਲ ਹਜ਼ਾਰਾਂ ਲੋਕਾਂ ਨੇ ਨਾਅਰਿਆਂ ਦੀ ਗੂੰਜ ਵਿੱਚ ਕਾਲੇ ਕਾਨੂੰਨ ਰੱਦ ਹੋਣ ਤੱਕ ਹਰ ਕੁਰਬਾਨੀ ਦੇ ਕੇ ਸੰਘਰਸ਼ ਦੀ ਲਾਟ ਨੂੰ ਹੋਰ ਵਧੇਰੇ ਜ਼ੋਸ , ਸਿਦਕ, ਸੰਜਮ ਨਾਲ ਜਗਦਾ ਰੱਖਣ ਦਾ ਅਹਿਦ ਲਿਆ। ਇਸ ਮੌਕੇ ਕਮਲਜੀਤ ਖੰਨਾ, ਮੰਗਤਰਾਮ ਪਾਸਲਾ, ਬੰਤ ਬਰਾੜ, ਨਰੈਣ ਦੱਤ, ਧੰਨਾ ਮੱਲ ਗੋਇਲ, ਅਦਾਕਾਰਾ ਸੋਨੀਆ ਮਾਨ, ਗੁਰਵਿੰਦਰ ਸਿੰਘ ਕਲਾਲਾ, ਹਰਿਆਣਾ ਤੋਂ ਵਿਸ਼ੇਸ਼ ਤੌਰ ’ਤੇ ਪੁੱਜੀ ਕਿਸਾਨ ਆਗੂ ਸੁਰੇਸ਼ ਕੰਡੇਲਾ ਨੇ ਵੀ ਆਪਣੀਆਂ ਰੋਹਲੀਆਂ ਤਕਰੀਰਾਂ ਨਾਲ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਨਿਜ਼ਾਮ ਨੂੰ ਜੜੋਂ ਪੁੱਟਣ ਲਈ ਦਿੱਲੀ ਦੇ ਬਾਰਡਰਾਂ ਵੱਲ ਵਹੀਰਾਂ ਘੱਤਕੇ ਪੁੱਜਣ ਦੀ ਅਪੀਲ ਕੀਤੀ । ਇਸ ਮੌਕੇ ਦਿੱਲੀ ਕਿਸਾਨ ਅੰਦੋਲਨ ਵਿੱਚ ਜ਼ਿਕਰਯੋਗ ਸੇਵਾਵਾਂ ਦੇਣ ਵਾਲੇ ਡਾ. ਸਵੈਮਾਨ ਸਿੰਘ ਕਾਰਡਿਕ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਸਟੇਜ ਵੱਲੋਂ ਖੇਤੀ ਵਿਰੋਧੀ ਕਾਨੂੰਨ ਰੱਦ ਕਰਨ, ਐਮਐਸਪੀ ਦੀ ਗਰੰਟੀ, ਬਿਜਲੀ ਸੋਧ ਬਿੱਲ ਵਾਪਸ ਲੈਣ ਸਮੇਤ ਕਿਸਾਨ ਅੰਦੋਲਨ ਨਾਲ ਸੰਬੰਧਿਤ ਹੱਕੀ ਮੰਗਾਂ ਜਿਹੇ ਮਤੇ ਪਾਸ ਕਰਕੇ ਸਰਕਾਰਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿੱਚ ਖੇਡਣ ਤੋਂ ਵਰਜਿਆ ਗਿਆ।