ਬਰਨਾਲਾ, 13 ਅਗਸਤ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਦੇ ਥਾਣਾ ਠੁੱਲੀਵਾਲ ਅਧੀਨ ਪੈਂਦੇ ਪਿੰਡ ਗੁਰਮ ਦੇ ਇੱਕ ਨੌਜਵਾਨ ਸ਼ੇਰ ਸਿੰਘ ਦੀ ਮਿ੍ਤਕ ਦੇਹ ਬਰਨਾਲਾ-ਲੁਧਿਆਣਾ ਮੇਨ ਸੜਕ ਉੱਪਰ ਪਿੰਡ ਸੰਘੇੜਾ ਵਿਖੇ ਰੱਖ ਕੇ ਚੱਕਾ ਜਾਮ ਕਰਕੇ ਪਿੰਡ ਵਾਸੀਆਂ ਨੇ ਪੁਲਿਸ ਖ਼ਿਲਾਫ਼ ਧਰਨਾ ਦਿੱਤਾ । ਧਰਨਾਕਾਰੀ ਮੰਗ ਕਰ ਰਹੇ ਸਨ ਕਿ ਮਿ੍ਤਕ ਸ਼ੇਰ ਸਿੰਘ ਦੀ ਮੌਤ ਦੇ ਜ਼ਿੰਮੇਵਾਰ ਉਸ ਦੀ ਪਤਨੀ ਅਤੇ ਪਿੰਡ ਦੇ ਹੀ ਇੱਕ ਹੋਰ ਵਿਅਕਤੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਧਰਨਾ ਸਥਾਨ ’ਤੇ ਗੱਲਬਾਤ ਕਰਦੇ ਹੋਏ ਮਿ੍ਤਕ ਸ਼ੇਰ ਸਿੰਘ ਦੇ ਭਰਾ ਸਤਪਾਲ ਸਿੰਘ, ਸਹੁਰਾ ਨਰਿੰਦਰ ਸਿੰਘ ਅਤੇ ਸਾਲੀ ਰਣਜੀਤ ਕੌਰ ਨੇ ਦੱਸਿਆ ਕਿ ਸ਼ੇਰ ਸਿੰਘ ਦੀ ਪਤਨੀ ਦਲਜੀਤ ਕੌਰ ਦੇ ਪਿੰਡ ਦੇ ਇੱਕ ਵਿਅਕਤੀ ਕੁਲਵਿੰਦਰ ਸਿੰਘ ਨਾਲ ਕਾਫੀ ਸਮੇਂ ਤੋਂ ਨਾਜਾਇਜ ਸਬੰਧ ਸਨ, ਜਿਸ ਸੰਬੰਧੀ ਕਈ ਵਾਰ ਦਲਜੀਤ ਕੌਰ ਨੂੰ ਰੋਕਿਆ ਗਿਆ ਪਰ ਉਹ ਨਾ ਰੁਕੀ। ਉਨਾਂ ਦੋਸ਼ ਲਗਾਇਆ ਕਿ ਦਲਜੀਤ ਕੌਰ ਨੇ ਆਪਣੇ ਆਸ਼ਕ ਨਾਲ ਮਿਲ ਕੇ ਸ਼ੇਰ ਸਿੰਘ ਨੂੰ ਮਾਰ ਕੇ ਪੱਖੇ ਨਾਲ ਟੰਗ ਦਿੱਤਾ ਅਤੇ ਘਟਨਾ ਨੂੰ ਆਤਮਹੱਤਿਆ ਦਾ ਰੂਪ ਦੇ ਕੇ ਪੁਲਿਸ ਤੋਂ 174 ਦੀ ਕਾਰਵਾਈ ਵੀ ਕਰਵਾ ਲਈ। ਉਨਾਂ ਮੰਗ ਕੀਤੀ ਕਿ ਇਸ ਮਾਮਲੇ ’ਚ ਦਲਜੀਤ ਕੌਰ ਅਤੇ ਕੁਲਵਿੰਦਰ ਸਿੰਘ ’ਤੇ ਬਣਦੀ ਕਾਰਵਾਈ ਕੀਤੀ ਜਾਵੇ । ਖ਼ਬਰ ਲਿਖੇ ਜਾਣ ਤੱਕ ਸ਼ੇਰ ਸਿੰਘ ਦੀ ਮਿ੍ਤਕ ਦੇਹ ਸੜਕ ਉੱਪਰ ਰੱਖ ਕੇ ਧਰਨਾ ਜਾਰੀ ਸੀ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਕਿਹਾ ਕਿ ਜਦੋਂ ਤੱਕ ਅਸਲ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਸ਼ੇਰ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਵੇਗਾ ।