-ਮੀਤ ਹੇਅਰ ਨੇ ਢਿੱਲੋਂ ਦੇ ਜੱਦੀ ਵਾਰਡ ‘ਚ ਲਗਾਇਆ ਸਿਆਸੀ ਪਾੜ
——————————-
ਬਰਨਾਲਾ 15 ਅਗਸਤ (ਨਿਰਮਲ ਸਿੰਘ ਪੰਡੋਰੀ) ਬਰਨਾਲਾ ਸ਼ਹਿਰ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਜੱਦੀ ਵਾਰਡ ਵਿਚ ਕਈ ਵਰ੍ਹਿਆਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਪੰਜਾ ਛੱਡ ਕੇ ਝਾੜੂ ਚੁੱਕ ਲਿਆ ,ਜਿਨ੍ਹਾਂ ਨੂੰ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਪੂਰੇ ਸਨਮਾਨ ਸਹਿਤ ਪਾਰਟੀ ਵਿਚ ਸ਼ਾਮਲ ਕੀਤਾ। ਇੱਥੇ ਇਹ ਗੱਲ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਨੀ ਬਣਦੀ ਹੈ ਕਿ ਕਾਂਗਰਸ ਪਾਰਟੀ ਲਈ ਸ਼ੁਰੂ ਤੋਂ ਹੀ ਗਰਾਊਂਡ ਪੱਧਰ ‘ਤੇ ਕੰਮ ਕਰਨ ਵਾਲੇ ਇਨ੍ਹਾਂ ਪਰਿਵਾਰਾਂ ਨੇ ਪਿਛਲੀਆਂ ਨਗਰ ਕੌਂਸਲ ਚੋਣਾਂ ਵਿੱਚ ਕੇਵਲ ਸਿੰਘ ਢਿੱਲੋਂ ਦੇ ਜੱਦੀ ਵਾਰਡ ਨੰਬਰ 29 ‘ਚ ਗੁਰਬਖਸ਼ੀਸ ਸਿੰਘ ਗੋਨੀ ਦੀ ਚੋਣ ਮੁਹਿੰਮ ਵਿੱਚ ਜੇਤੂ ਭੂਮਿਕਾ ਨਿਭਾਈ ਸੀ। ਕਾਂਗਰਸ ਪਾਰਟੀ ਵਿੱਚ ਆਪਣੇ ਦਾਦੇ-ਪੜਦਾਦਿਆਂ ਦੇ ਸਮੇਂ ਤੋਂ ਕੰਮ ਕਰਨ ਵਾਲੇ ਇਨ੍ਹਾਂ ਪਰਿਵਾਰਾਂ ਦੇ ਵੱਡੇ ਫ਼ੈਸਲੇ ਸਬੰਧੀ ਗੱਲ ਕਰਦੇ ਹੋਏ ਸੁਭਾਸ਼ ਚੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਕਾਂਗਰਸ ਪਾਰਟੀ ਲਈ ਹਰ ਚੋਣ ਵਿੱਚ ਗਰਾਊਂਡ ਪੱਧਰ ‘ਤੇ ਕੰਮ ਕੀਤਾ,ਕਦੇ ਵੀ ਕਿਸੇ ਅਹੁਦੇ ਦਾ ਨਾ ਲਾਲਚ ਕੀਤਾ ਅਤੇ ਨਾ ਹੀ ਕਿਸੇ ਅਹੁਦੇ ਦੀ ਕਦੇ ਮੰਗ ਕੀਤੀ ਹੈ ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਆਪਣੇ ਨਿੱਜੀ ਕੰਮਾਂ ਖ਼ਾਤਰ ਵੀ ਜ਼ਲੀਲ ਹੋਣਾ ਪੈ ਰਿਹਾ ਸੀ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲਈ ਕੁਰਬਾਨੀਆਂ ਕਰਨ ਵਾਲੇ ਇਨ੍ਹਾਂ ਕਾਂਗਰਸੀ ਪਰਿਵਾਰਾਂ ਦੀ “ਨੇਤਾ” ਜੀ ਤਕ ਪਹੁੰਚ ਦਿੱਲੀ ਤੇ ਲਾਹੌਰ ਵਾਲੀ ਗੱਲ ਹੋ ਗਈ ਸੀ। ਇਸ ਮੌਕੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਪਾਰਟੀ ‘ਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੂੰ ਦਰਜਾ-ਬ-ਦਰਜਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕਾਂਗਰਸ ਪਾਰਟੀ ਛੱਡ ਕੇ ਆਪ ‘ਚ ਸ਼ਾਮਲ ਹੋਣ ਵਾਲੇ ਆਗੂਆਂ/ਵਰਕਰਾਂ ਵਿਚ ਸੁਖਦੇਵ ਸਿੰਘ ਸੂਬੇਦਾਰ, ਕੁਲਵੰਤ ਰਾਏ ਸ਼ਰਮਾ ਵਪਾਰ ਮੰਡਲ ਦੇ ਮੀਤ ਪ੍ਰਧਾਨ ਰਾਜ ਕੁਮਾਰ ਸ਼ਰਮਾ, ਸੁਭਾਸ਼ ਚੰਦਰ ਸ਼ਰਮਾ, ਵਰਿੰਦਰ ਸ਼ਰਮਾ, ਜਸਪਾਲ ਸ਼ਰਮਾ, ਅੰਮ੍ਰਿਤਲਾਲ, ਰਾਜਿੰਦਰ ਕੁਮਾਰ, ਰਾਮ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਰਾਏ, ਅਮਨ ਗੋਇਲ, ਗੁਰਚਰਨ ਸਿੰਘ, ਜੋਗਿੰਦਰ ਰਾਮ ਕ੍ਰਿਸ਼ਨ ਕੁਮਾਰ ਸੁਰਿੰਦਰ ਮੱਲ੍ਹੀ ਬਲਜੀਤ ਸਿੰਘ ਤਰਸੇਮ ਸਿੰਘ ਤਿੱਤਰੀ, ਅਮਰ ਸਿੰਘ ਦੇ ਨਾਮ ਸ਼ਾਮਲ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ, ਪਰਮਿੰਦਰ ਸਿੰਘ ਭੰਗੂ, ਐਮਸੀ ਬੰਟੀ ਸ਼ੀਤਲ, ਰੋਹਿਤ ਕੁਮਾਰ ਪੀਏ ਵੀ ਹਾਜ਼ਰ ਸਨ
