ਚੰਡੀਗੜ,16 ਅਗਸਤ (ਜੀ98 ਨਿਊਜ਼) : ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਤੇ ਸਿੱਧੂ ਦੀ ਅੰਦਰੂਨੀ ਜੰਗ ’ਚ ਖੁੱਲ ਕੇ ਕੈਪਟਨ ਦੇ ਖ਼ਿਲਾਫ਼ ਖੜਨ ਵਾਲੇ ਬੇਬਾਕ ਬੁਲਾਰੇ ਪ੍ਰਗਟ ਸਿੰਘ ਨੂੰ ਪੀਪੀਸੀਸੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਆਪਣੇ ਲਈ ਚਾਰ ਸਲਾਹਕਾਰ ਲਗਾਉਣ ਤੋਂ ਬਾਅਦ ਸਿੱਧੂ ਵੱਲੋਂ ਕੀਤੀ ਪ੍ਰਗਟ ਸਿੰਘ ਦੀ ਨਿਯੁਕਤੀ ਨੇ ਵੀ ਸਿਆਸੀ ਗਲਿਆਰਿਆਂ ’ਚ ਚਰਚਾ ਛੇੜ ਦਿੱਤੀ ਹੈ ਕਿ ਸਿੱਧੂ ਆਨੇ-ਬਹਾਨੇ ਕੈਪਟਨ ਅਮਰਿੰਦਰ ਸਿੰਘ ਦੇ ਬਰਾਬਰ ਆਪਣਾ ਮੋਰਚਾ ਤਕੜਾ ਕਰ ਰਹੇ ਹਨ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਉਂਝ ਤਾਂ ਭਾਂਵੇ ਪੰਜਾਬ ਕੈਬਨਿਟ ਵਿੱਚ ਫੇਰਬਦਲ ਦੇ ਹਮਾਇਤੀ ਹਨ ਪਰ ਉਹ ਕੈਬਨਿਟ ਦੇ ਨਵੇਂ ਚਿਹਰੇ ਆਪਣੇ ਪੱਖੀ ਵਿਧਾਇਕਾਂ ਨੂੰ ਹੀ ਬਣਾਉਣਾ ਚਾਹੁੰਦੇ ਹਨ, ਜਦ ਕਿ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਵਿੱਚ ਨਵੇਂ ਚਿਹਰੇ ਆਪਣਿਆਂ ਨੂੰ ਬਣਾਉਣਾ ਚਾਹੁੰਦੇ ਹਨ। ਮੁੱਖ ਮੰਤਰੀ ਦਫ਼ਤਰ ’ਚ ਚੰਗੀ ਪਕੜ ਰੱਖਣ ਵਾਲੇ ਇੱਕ ਸੀਨੀਅਰੀ ਕਾਂਗਰਸੀ ਆਗੂ ਨੇ ਦੱਸਿਆ ਕਿ ਕੈਬਨਿਟ ਦੇ ਫੇਰਬਦਲ ਦਾ ਪੇਚ ਨਵੇਂ ਚਿਹਰਿਆਂ ਉੱਪਰ ਹੀ ਫਸਿਆ ਹੋਇਆ ਹੈ।