ਚੰਡੀਗੜ੍ਹ,4 ਦਸੰਬਰ (Gee98 news service)-ਕਿਸੇ ਵੇਲੇ ਸਿੱਖਿਆ ਵਿਭਾਗ ਦਾ ਖੇਤਰ ਕੁਰੱਪਸ਼ਨ ਤੋਂ ਕੋਹਾਂ ਦੂਰ ਮੰਨਿਆ ਜਾਂਦਾ ਸੀ ਪਰੰਤੂ ਹੁਣ ਸਿੱਖਿਆ ਵਿਭਾਗ ਵਿੱਚ ਹੋ ਰਹੀ ਕੁਰੱਪਸ਼ਨ ਨੇ ਵੀ ਦੂਜੇ ਮਹਿਕਮਿਆਂ ਨੂੰ ਮਾਤ ਪਾ ਦਿੱਤਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕੁਰੱਪਸ਼ਨ ਦੇ ਇਸ ਧੰਦੇ ਵਿੱਚ ਕੌਮ ਦਾ ਨਿਰਮਾਤਾ ਮੰਨੇ ਜਾਣ ਵਾਲੇ ਅਧਿਆਪਕ ਵੀ ਸ਼ਾਮਿਲ ਹੋ ਰਹੇ ਹਨ । ਅਜਿਹਾ ਹੀ ਮਾਮਲਾ ਹੈ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ ਜਿੱਥੋਂ ਦੇ ਗੁਰੂਹਰਸਹਾਏ ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇ ਦਫ਼ਤਰ ਵਿੱਚ 1 ਕਰੋੜ 51 ਲੱਖ ਰੁਪਏ ਦੀ ਗ੍ਰਾਂਟ ਦੇ ਗਬਨ ਸਾਹਮਣੇ ਆਇਆ ਹੈ । ਇਹ ਗਰਾਂਟ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਭੇਜੀ ਗਈ ਸੀ ਪਰੰਤੂ ਸਿੱਖਿਆ ਵਿਭਾਗ ਦੇ ਕੁਝ ਕੁਰੱਪਟ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਲੇਖਾ ਵਿਭਾਗ ਦੇ ਕੁਝ ਕਰਮਚਾਰੀ ਸਕੂਲਾਂ ਨੂੰ ਗਰਾਂਟਾਂ ਭੇਜਣ ਦੀ ਬਜਾਏ ਆਪਣੇ ਆਪਣੇ ਰਿਸ਼ਤੇਦਾਰਾਂ ਦੀ ਖਾਤਿਆਂ ਵਿੱਚ ਪੈਸੇ ਜਮ੍ਹਾਂ ਕਰਵਾ ਦਿੰਦੇ ਸਨ। ਇਸ ਭ੍ਰਿਸ਼ਟਾਚਾਰ ਦਾ ਪਤਾ ਲੱਗਣ ‘ਤੇ ਪਹਿਲਾਂ ਵਿਭਾਗ ਨੇ ਵਿਭਾਗੀ ਜਾਂਚ ਕਰਵਾਈ ਅਤੇ ਉਸ ਤੋਂ ਬਾਅਦ ਮਾਮਲਾ ਪੁਲਿਸ ਵਿਭਾਗ ਨੂੰ ਸੌਂਪ ਦਿੱਤਾ। ਪੁਲਿਸ ਨੇ ਜ਼ਿਲ੍ਹਾ ਸਿੱਖਿਆ ਅਫਸਰ ਸਤੀਸ਼ ਕੁਮਾਰ ਦੀ ਸ਼ਿਕਾਇਤ ‘ਤੇ ਥਾਣਾ ਗੁਰੂਹਰਸਹਾਏ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਮੀਤ ਸਿੰਘ, ਲੇਖਾ ਵਿਭਾਗ ਦੇ ਕਲਰਕ ਚਰਨਜੀਤ ਸਿੰਘ, ਮਹਿੰਦਰ ਸਿੰਘ, ਰਕੇਸ਼ ਕੁਮਾਰ ਵਾਸੀ ਕੋਟਲੀ ਰੋਡ ਮੁਕਤਸਰ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।