ਬਰਨਾਲਾ,5 ਦਸੰਬਰ (ਨਿਰਮਲ ਸਿੰਘ ਪੰਡੋਰੀ)-ਗਾਂਧੀ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਵੱਛ ਭਾਰਤ ਅਭਿਆਨ ਦੇ ਤਹਿਤ ਬਰਨਾਲਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਰੈਲੀ ਕੱਢੀ। ਬੱਚਿਆਂ ਨੇ ਹੱਥਾਂ ਵਿੱਚ ਸਫਾਈ ‘ਤੇ ਅਧਾਰਿਤ ਸਲੋਗਨ ਫੜੇ ਹੋਏ ਸਨ ਅਤੇ ਸਵੱਛਤਾ ਸਬੰਧੀ ਨਾਅਰੇ ਬੋਲ ਕੇ ਲੋਕਾਂ ਨੂੰ ਸਫਾਈ ਰੱਖਣ ਲਈ ਜਾਗਰੂਕ ਕਰ ਰਹੇ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਨੇ ਕਿਹਾ ਕਿ ਸਾਡੇ ਸਕੂਲ ਦੇ ਬੱਚੇ ਨੇ ਤਿੰਨ ਸਾਲਾਂ ਤੋਂ ਸਫਾਈ ਅਭਿਆਨ ਦੇ ਚਲਦੇ ਕਈ ਰੈਲੀਆਂ ਕੱਢ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਸ਼ਹਿਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸਫਾਈ ਦੇ ਚੰਗੇ ਪ੍ਰਬੰਧ ਨਾ ਹੋਣ ਕਾਰਨ ਜਗ੍ਹਾ ਜਗ੍ਹਾ ਗੰਦਗੀ ਫੈਲੀ ਹੋਈ ਹੈ । ਜਿਸਦੇ ਕਰਕੇ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਹੋਇਆ ਹੈ ।ਇਸ ਲਈ ਸਾਡੇ ਬੱਚੇ ਲਗਾਤਾਰ ਆਪਣੇ ਢੰਗ ਨਾਲ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਫਾਈ ਰੱਖਣ ਲਈ ਜਾਗਰੂਕ ਕਰ ਰਹੇ ਹਨ। ਰੈਲੀ ਵਿੱਚ ਸਕੂਲ ਅਧਿਆਪਕ ਬਲਵਿੰਦਰ ਸਿੰਘ, ਸੁਸ਼ਮਾ ਗੋਇਲ ,ਸ਼ਾਰਦਾ ਗੋਇਲ ਤੋਂ ਇਲਾਵਾ ਸਾਕਸ਼ੀ ,ਕਿਰਨ, ਸ਼ਿਵਾਨੀ ,ਕੋਮਲ ਅਤੇ ਬੀਰਪਾਲ ਵੀ ਸ਼ਾਮਿਲ ਸਨ।