ਚੰਡੀਗੜ, 17 ਅਗਸਤ (ਜੀ98 ਨਿਊਜ਼) : ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਘਾ ਦੇ ਖ਼ਿਲਾਫ਼ ਸ਼ਰੇਆਮ ਫਾਇਰਿੰਗ ਕਰਨ ਦੋਸ਼ ਹੇਠ ਐਸਏਐਸ ਨਗਰ ਦੇ ਥਾਣਾ ਸੋਹਾਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਸਿੰਘਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ, ਜਿਸ ਵਿੱਚ ਸਿੰਘਾ ਦਾ ਸਾਥੀ ਜਗਪ੍ਰੀਤ ਸਿੰਘ ਜੱਗੀ ਕਾਰ ਚਲਾ ਰਿਹਾ ਹੈ ਅਤੇ ਸਿੰਘਾ ਨਾਲ ਵਾਲੀ ਸੀਟ ’ਤੇ ਬੈਠਾ ਹੈ, ਅਚਾਨਕ ਹੀ ਸਿੰਘਾ ਨੇ ਆਪਣਾ ਪਿਸਟਲ ਕੱਢਿਆ ਅਤੇ ਕਾਰ ਦੀ ਖਿੜਕੀ ਤੋਂ ਹੱਥ ਬਾਹਰ ਕੱਢ ਕੇ ਫਾਇਰਿੰਗ ਕਰ ਦਿੱਤੀ। ਇਹ ਵੀ ਪਤਾ ਲੱਗਾ ਹੈ ਕਿ ਸਿੰਘਾ ਦੀ ਇਹ ਵੀਡੀਓ ਕਾਫੀ ਪੁਰਾਣੀ ਹੈ ਪਰ ਉਸ ਨੇ ਇਸ ਨੂੰ ਹੁਣ ਦੁਬਾਰਾ ਵਾਇਰਲ ਕੀਤਾ ਸੀ। ਭਾਂਵੇ ਕਿ ਕੁਝ ਸਮੇਂ ਬਾਅਦ ਹੀ ਸਿੰਘਾ ਨੇ ਇਹ ਵੀਡੀਓ ਕਲਿੱਪ ਡਿਲੀਟ ਕਰ ਦਿੱਤੀ ਪਰ ਉਸ ਵੇਲੇ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਸਿੰਘਾ ਦੀ ਇਹ ਹਰਕਤ ਐਸਐਸਪੀ ਤੱਕ ਪੁੱਜ ਚੁੱਕੀ ਸੀ। ਜਿਸ ਤੋਂ ਬਾਅਦ ਸਿੰਘਾ ਅਤੇ ਜੱਗੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।