ਬਰਨਾਲਾ,17 ਅਗਸਤ (ਨਿਰਮਲ ਸਿੰਘ ਪੰਡੋਰੀ) : ਅੰਮਿ੍ਰਤਬਾਣੀ ਕਿੱਟੀ ਪਾਰਟੀ ਮੈਂਬਰਜ਼ ਵੱਲੋਂ ਬਰਨਾਲਾ ਕਲੱਬ ’ਚ ‘ਤੀਆਂ ਤੀਜ ਦੀਆਂ’ ਸਮਾਗਮ ਕਰਵਾਇਆ ਗਿਆ। ਤੀਆਂ ਦੇ ਇਸ ਸਮਾਗਮ ਦੀ ਇਹ ਖ਼ਾਸ ਵਿਸ਼ੇਸ਼ਤਾ ਦੇਖਣ ਨੂੰ ਮਿਲੀ ਕਿ ਇਸ ਵਿੱਚ ਮਾਂਵਾਂ/ਧੀਆਂ, ਨੂੰਹਾਂ/ ਸੱਸਾਂ ਨੇ ਇਕੱਠਿਆਂ ਬੋਲੀਆਂ ਪਾ ਕੇ, ਨੱਚ ਕੇ ਧਮਾਲਾਂ ਪਾਈਆਂ । ਇਸ ਮੌਕੇ ਗੱਲ ਕਰਦਿਆਂ ਸ੍ਰੀਮਤੀ ਜਸਵੀਰ ਕੌਰ ਤੇ ਕਮਲ ਗਿੱਲ ਨੇ ਕਿਹਾ ਕਿ ਤੀਆਂ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਪ੍ਰਦਰਸ਼ਿਤ ਤੇ ਉਤਸ਼ਾਹਿਤ ਕਰਨ ਵਾਲਾ ਤਿਉਹਾਰ ਹੈ। ਉਨਾਂ ਕਿਹਾ ਕਿ ਪੁਰਾਣੇ ਸਮਿਆਂ ’ਚ ਇਹ ਤਿਉਹਾਰ ਵੱਡੀ ਪੱਧਰ ’ਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀ ਅਤੇ ਫਿਰ ਹੌਲੀ-ਹੌਲੀ ਜ਼ਮਾਨੇ ਦੀ ਰਫ਼ਤਾਰ ਨਾਲ ਤੀਆਂ ਮਨਾਉਣ ਦਾ ਰਿਵਾਜ਼ ਘਟ ਗਿਆ ਪ੍ਰੰਤੂ ਇਹ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਹੈ ਕਿ ਹੁਣ ਫਿਰ ਤੀਆਂ ਸੰਬੰਧੀ ਸਮਾਗਮ ਕਰਵਾਏ ਜਾਣ ਲੱਗੇ ਹਨ। ਉਨਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਸ਼ਹਿਰੀ ਔਰਤਾਂ ਨੂੰ ਪੰਜਾਬੀ ਵਿਰਸਾ ਅਤੇ ਸੱਭਿਆਚਾਰ ਪ੍ਰਤੀ ਜਾਗਰੂਕ ਕਰਨ ਲਈ ਇਸ ਤਰਾਂ ਦੇ ਸਮਾਗਮ ਕਰਵਾਏ ਜਾਂਦੇ ਹਨ । ਇਸ ਮੌਕੇ ਪੰਜਾਬੀ ਸੱਭਿਆਚਾਰਕ ਪਹਿਰਾਵੇ ’ਚ ਸਜੀ ਮੁਟਿਆਰ ਆਰਤੀ ਗੁਪਤਾ ਨੇ ਕਿਹਾ ਕਿ ਇਸ ਤਰਾਂ ਦੇ ਸਮਾਗਮ ਨਵੀਂ ਪੀੜੀ ਦੀਆਂ ਕੁੜੀਆਂ ਨੂੰ ਵਿਰਸੇ ’ਤੇ ਸੱਭਿਆਚਾਰ ਪ੍ਰਤੀ ਜਾਣੂ ਕਰਵਾਉਂਦੇ ਹਨ ਅਤੇ ਪੁਰਾਤਨ ਕਦਰਾਂ-ਕੀਮਤਾ ਸੰਬੰਧੀ ਨਵੀਂ ਪੀੜੀ ਨੂੰ ਜਾਣਕਾਰੀ ਦੇਣ ਲਈ ਇਹ ਸਮਾਗਮ ਕਰਵਾਉਣੇ ਬਹੁਤ ਜ਼ਰੂਰੀ ਹਨ। ਇਸ ਸਮਾਗਮ ਦਾ ਆਯੋਜਨ ਸ੍ਰੀਮਤੀ ਕੁਲਵਿੰਦਰ ਕੌਰ ਸੇਖੋਂ , ਸ੍ਰੀਮਤੀ ਰਾਹੁਲ ਗੁਪਤਾ ਸਮੇਤ ਸ਼ਹਿਰ ਦੀਆਂ ਅਗਾਂਹਵਧੂ ਔਰਤਾਂ ਵੱਲੋਂ ਕੀਤਾ ਗਿਆ । ਇਸ ਮੌਕੇ ਕਾਂਤਾ ਰਾਣੀ, ਵੀਨਾ ਗਰਗ,ਨਿਰਮਲ ਜਿੰਦਲ, ਗਾਇਤਰੀ ਜਿੰਦਲ, ਚੈਲਦੀਪ ਕਾਂਸਲ, ਪ੍ਰੇਮ ਗੋਇਲ, ਸਕੁੰਤਲਾ ਆਦਿ ਵੀ ਹਾਜ਼ਰ ਸਨ। ਅੰਮਿ੍ਤਬਾਣੀ ਕਿੱਟੀ ਪਾਰਟੀ ਮੈਂਬਰਜ਼ ਵੱਲੋਂ ਇਸ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
