ਚੰਡੀਗੜ,18 ਅਗਸਤ (ਜੀ98 ਨਿਊਜ਼) : ਪੰਜਾਬ ਦੇ ਪੇਂਡੂ ਖੇਤਰ ’ਚ ਲਾਲ ਲਕੀਰ ਦੇ ਅੰਦਰ ਰਹਿਣ ਵਾਲੇ ਲੋਕ ਹੁਣ ਆਪਣੀ ਜਗਾ ਦੇ ਮਾਲ ਰਿਕਾਰਡ ਅਨੁਸਾਰ ਪੱਕੇ ਮਾਲਕ ਹੋਣਗੇ। ਕੈਪਟਨ ਸਰਕਾਰ ਨੇ ਬੀਤੇ ਕੱਲ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਉਕਤ ਫੈਸਲਾ ਕਰਦਿਆਂ ‘ਲਾਲ ਲਕੀਰ’ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਕਿਉਂਕਿ ਇਨਾਂ ਲੋਕਾਂ ਨੂੰ ਸਰਕਾਰੀ ਵਿਭਾਗਾਂ/ਸੰਸਥਾਵਾਂ ਅਤੇ ਬੈਕਾਂ ਨੂੰ ਤੋਂ ਲੋਨ ਤੇ ਹੋਰ ਵੱਖ ਵੱਖ ਲਾਭ ਲੈਣ ਸਮੇਂ ਮੁਸ਼ਕਿਲ ਪੇਸ਼ ਆਉਦੀ ਸੀ। ਸਰਕਾਰ ਨੇ ‘ਰਿਕਾਰਡਜ਼ ਆਫ ਰਾਈਟਸ ਨਿਯਮ- 2021’ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ’ਚ ਮੁਰੱਬੇਬੰਦੀ ਸਮੇਂ ਪਿੰਡ ਦੀ ਆਬਾਦੀ ਨੂੰ ਖੇਤੀਬਾੜੀ ਜ਼ਮੀਨ ਦੇ ਅੰਦਰ ਰੱਖਿਆ ਗਿਆ ਸੀ, ਜਿਸ ਦੀ ਹੱਦ ਨੂੰ ‘ਲਾਲ ਲਕੀਰ’ ਮੰਨਿਆ ਗਿਆ ਸੀ। ਇਸ ‘ਲਾਲ ਲਕੀਰ’ ਦੇ ਅੰਦਰ ਆਏ ਰਕਬੇ ਦਾ ਕੋਈ ਰਿਕਾਰਡ ਨਹੀਂ ਸੀ, ਸਿਰਫ਼ ਕਬਜ਼ੇ ਨੂੰ ਮਲਕੀਅਤ ਦਾ ਆਧਾਰ ਮੰਨਿਆ ਗਿਆ ਸੀ।