ਚੰਡੀਗੜ,18 ਅਗਸਤ (ਜੀ98 ਨਿਊਜ਼) : ਸ਼੍ਰੋਮਣੀ ਅਕਾਲੀ ਦਲ ਵੱਲੋਂ 2022 ਦੀਆਂ ਚੋਣਾਂ ਜਿੱਤਣ ਲਈ ਦੂਜੀਆਂ ਪਾਰਟੀਆਂ ਦੇ ਮੁਕਾਬਲੇ ‘ ਰਫ਼ਤਾਰ’ ਤੇਜ਼ ਕਰ ਦਿੱਤੀ ਹੈ। ਕੁਝ ਵਿਧਾਨ ਸਭਾ ਹਲਕਿਆਂ ਲਈ ਤਾਂ ਉਮੀਦਵਾਰਾਂ ਦੇ ਨਾਮ ਵੀ ਐਲਾਨ ਦਿੱਤੇ ਗਏ ਹਨ। ਸ਼ੋਮਣੀ ਅਕਾਲੀ ਦਲ ਵੀ ਇਹ ਰਫ਼ਤਾਰ ਕੁਝ ਪੁੱਠੀ ਪੈਂਦੀ ਨਜ਼ਰ ਆ ਰਹੀ ਹੈ, ਕਿਉਂਕਿ ਜਿੰਨਾਂ ਹਲਕਿਆਂ ਤੋਂ ਉਮੀਦਵਾਰਾਂ ਦਾ ਫੈਸਲਾ ਹੋ ਚੁੱਕਾ ਹੈ ਉੱਥੇ ਬਾਕੀ ਚਾਹਵਾਨ ਆਰਾਮ ਨਾਲ ਘਰ ਬੈਠ ਗਏ ਹਨ। ਤੁਸੀ ‘ਕਾਹਲੀ ਅੱਗੇ ਟੋਏ’ ਵਾਲੀ ਕਹਾਵਤ ਸੁਣੀ ਹੋਵੇਗੀ, ਜੋ ਸੁਖਬੀਰ ਸਿੰਘ ਬਾਦਲ ਦੀ ਕਾਰਜਪ੍ਰਣਾਲੀ ’ਤੇ ਢੁੱਕਦੀ ਲੱਗ ਰਹੀ ਹੈ। ਜਲੰਧਰ ਛਾਉਣੀ ਹਲਕੇ ਤੋਂ ਜਗਬੀਰ ਸਿੰਘ ਬਰਾੜ ਨੂੰ ਪਾਰਟੀ ’ਚ ਸ਼ਾਮਲ ਕਰਕੇ ਉਮੀਦਵਾਰ ਐਲਾਲਨ ਤੋਂ ਬਾਅਦ ਉੱਥੇ ਪਹਿਲਾਂ ਤੋਂ ਸਰਗਰਮ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨੇ ਤੇਵਰ ਤਿੱਖੇ ਕਰ ਲਏ ਹਨ। ਮੱਕੜ ਨੇ ਤਾਂ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸਘਾਤੀ ਆਗੂ ਦਾ ਰੁਤਬਾ ਦੇ ਕੇ ਅਗਲੀਆਂ ਚੋਣਾਂ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ। ਇਹ ਇੱਕ ‘ਮੱਕੜ’ ਸਾਹਮਣੇ ਆ ਗਿਆ ਹੈ ਜੇਕਰ ਕੁਝ ਹੋਰ ਹਲਕਿਆਂ ਵਿੱਚ ‘ਹੋਰ ਮੱਕੜ’ ਸਾਹਮਣੇ ਆਏ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਸਿਆਸੀ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਕਿਉਂਕਿ ਅਜਿਹੇ ਬਗਾਵਤੀ ਆਗੂਆਂ ਲਈ ਚੋਣ ਜਿੱਤਣੀ ਭਾਂਵੇ ਔਖੀ ਹੁੰਦੀ ਹੈ ਪਰ ਬਾਗ਼ੀ ਆਗੂ ਜੜਾਂ ’ਚ ਬੈਠਣ ਵਿੱਚ ਜ਼ਰੂਰ ਕਾਮਯਾਬ ਹੋ ਜਾਂਦੇ ਹਨ। ਪੰਜਾਬ ਦੀ ਰਾਜਨੀਤੀ ’ਚ ਅਨੇਕਾਂ ਅਜਿਹੀਆਂ ਉਦਾਹਰਣਾਂ ਹਨ ਜਦੋਂ ਆਪਣਿਆਂ ਨੇ ਆਪਣਿਆਂ ਦੀ ਹੀ ਸਿਆਸੀ ਮੰਜੀ ਠੋਕੀ ਹੋਵੇ। ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਦੀ ਕਾਰਜਪ੍ਰਣਾਲੀ ਤੋਂ ਹੈਰਾਨ ਤੇ ਔਖੇ ਜ਼ਰੂਰ ਹਨ ਪਰ ‘ਕੌਣ ਕਹੇ ਰਾਣੀਏ ਅੱਗਾ ਢੱਕ’ ਵਾਂਗ ਕੋਈ ਜ਼ੁਬਾਨ ਨਹੀਂ ਖੋਲਦਾ , ਬਲਕਿ ਮੀਡੀਆ ਕਰਮੀਆਂ ਨਾਲ ਦਿਲ ਦੇ ਦੁਖੜੇ ਫਰੌਲਣ ਮੌਕੇ ਵੀ ਹੌਲੀ ਜਿਹੇ ਆਖ ਦਿੰਦੇ ਹਨ ਕਿ ਇਹ ‘ਆਫ਼ ਦੀ ਰਿਕਾਰਡ’ ਹੈ, ਦੇਖਿਓ ! ਕਿਤੇ ਮੇਰਾ ਨਾਮ ਨਾ ਛਾਪ ਦਿਓ। ਫਿਰ ਵੀ ਇਨਾਂ ਵਿੱਚੋਂ ਜੇ ਬਹੁਤੇ ਆਗੂ ਸਰਬਜੀਤ ਸਿੰਘ ਮੱਕੜ ਵਾਂਗ ਸਾਹਮਣੇ ਆ ਗਏ ਤਾਂ ਕੁਝ ਹੋਰ ਹਲਕਿਆਂ ਦੀ ਸਥਿਤੀ ਵੀ ‘ਆਨ ਦੀ ਰਿਕਾਰਡ’ ਹੋ ਸਕਦੀ ਹੈ।