ਚੰਡੀਗੜ,19 ਅਗਸਤ (ਜੀ98 ਨਿਊਜ਼) : ਪਿਛਲੇ ਕੁਝ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਭਾਂਵੇ ਨਹੀਂ ਹੋਇਆ ਪਰ ਦੂਜੇ ਪਾਸੇ ਘਰੇਲੂੁ ਰਸੋਈ ਗੈਸ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕਰਕੇ ਤੇਲ ਕੰਪਨੀਆਂ ਨੇ ਪੈਟਰੋਲ/ਡੀਜ਼ਲ ਦੀਆਂ ਕੀਮਤਾਂ ਦੀ ਸਥਿਰਤਾ ਦਾ ਭਰਮ-ਭੁਲੇਖਾ ਤੋੜ ਦਿੱਤਾ ਹੈ। ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿੱਚ ਕੀਤੇ 25 ਰੁਪਏ ਦੇ ਵਾਧੇ ਨੇ ਘਰੇਲੂ ਮਹਿਲਾਵਾਂ ਦੇ ਮੱਥੇ ਦੀ ਤਿਊੜੀਆਂ ਹੋਰ ਵਧਾ ਦਿੱਤੀਆਂ ਹਨ ਅਤੇ ਯਕੀਨਨ ਇਹ ਤਿਊੜੀਆਂ ਆਗਾਮੀ ਚੋਣਾਂ ’ਚ ਭਾਜਪਾ ਨੂੰ ਉਲਝਾ ਲੈਣਗੀਆਂ। ਜ਼ਿਕਰਯੋਗ ਹੈ ਕਿ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ’ਚ ਪਿਛਲੇ 8 ਮਹੀਨਿਆਂ ਤੋਂ ਕਰੀਬ 165 ਰੁਪਏ ਦਾ ਵਾਧਾ ਹੋ ਚੁੱਕਾ ਹੈ। ਡੀਜ਼ਲ/ਪੈਟਰੋਲ ਅਤੇ ਘਰੇਲੂ ਗੈਸ ਦੀਆਂ ਵਧੀਆਂ ਕੀਮਤਾਂ ਕਾਰਨ ਭਾਜਪਾ ਹਾਈਕਮਾਨ ਭਾਂਵੇ ਢੀਠਤਾਈ ਧਾਰਨ ਕਰੀ ਬੈਠੀ ਹੈ ਪ੍ਰੰਤੂ ਇਹ ਸੱਚਾਈ ਹੈ ਕਿ ਗਰਾਊਂਡ ਪੱਧਰ ’ਤੇ ਲੋਕਾਂ ’ਚ ਵਿਚਰਨ ਵਾਲੇ ਸਥਾਨਕ ਭਾਜਪਾ ਆਗੂਆਂ ਦੀਆਂ ਚਿੰਤਾਵਾਂ ਵਧੀਆਂ ਹੋਈਆਂ ਹਨ, ਕਿਉਂਕਿ ਲੋਕ ਪਹਿਲਾਂ ਹੀ ਪਿੰਡਾਂ ’ਚ ਆਉਣ ਵਾਲੇ ਭਾਜਪਾ ਆਗੂਆਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ‘ਭਰਿੰਡ’ ਵਾਂਗ ਚਿੰਬੜਦੇ ਹਨ।