ਚੰਡੀਗੜ, 20 ਅਗਸਤ (ਜੀ98 ਨਿਊਜ਼) : ਉੜੀਸਾ ਦੇ ਇੱਕ ਸੰਸਦ ਮੈਂਬਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਪੁਲਿਸ ਨੇ ਨੂੰਹ ਦੀ ਸ਼ਿਕਾਇਤ ’ਤੇ ਦਾਜ ਮੰਗਣ ਦਾ ਮਾਮਲਾ ਦਰਜ ਕੀਤਾ ਹੈ। ਬੀਜੂ ਜਨਤਾ ਦਲ ਦੇ ਸੰਸਦ ਮੈਂਬਰ ਭਰਤਰੂਹਰੀ ਮਹਿਤਾਬ, ਉਸ ਦੀ ਪਤਨੀ ਅਤੇ ਪੁੱਤਰ ਖ਼ਿਲਾਫ਼ ਨੂੰਹ ਨੇ ਭੁਪਾਲ ਦੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਵਿਆਹ ਸਮੇਂ ਬਹੁਤ ਖਰਚਾ ਕਰਨ ਦੇ ਬਾਵਜੂੁਦ ਵੀ ਉਸ ਨੂੰ ਹੋਰ ਦਾਜ ਲਿਆਉਣ ਲਈ ਤੰਗ ਕੀਤਾ ਜਾਂਦਾ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਸੱਚਾਈ ਭਾਂਵੇ ਜਾਂਚ ਤੋਂ ਬਾਅਦ ਸਾਹਮਣੇ ਆਏਗੀ ਪਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵੱਡੇ ਨੇਤਾਵਾਂ ਦੇ ਪਰਿਵਾਰ ਵਿੱਚ ਵੀ ਅਜਿਹੇ ਮਾਮਲੇ ਅਜੋਕੇ ਦੌਰ ਦੀ ਰਾਜਨੀਤੀ ਦਾ ਕਰੂਪ ਚਿਹਰਾ ਹੈ।