ਬਰਨਾਲਾ,20 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਅੱਜ ਸਮੁੱਚੇ ਪੰਜਾਬ ਵਿੱਚ ਸਰਕਾਰ ਦੇ ਅੜੀਅਲ ਵਤੀਰੇ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਉਪਰੰਤ ਕਾਂਗਰਸ ਸਰਕਾਰ ਦੇ ਵਿਧਾਇਕਾਂ /ਮੁੱਖ ਆਗੂਆਂ ਨੂੰ ਚਿਤਾਵਨੀ ਪੱਤਰ ਦਿੱਤੇ ਗਏ। ਬਰਨਾਲਾ ਜ਼ਿਲੇ ਵਿੱਚ ਮੋਹਨ ਸਿੰਘ ਵੇਅਰਹਾਊਸ, ਹਰਿੰਦਰ ਮੱਲੀਆਂ, ਗੁਰਮੀਤ ਸੁਖਪੁਰਾ, ਮਨੋਹਰ ਲਾਲ, ਪਰਮਿੰਦਰ ਸਿੰਘ ਰੁਪਾਲ ਦੀ ਅਗਵਾਈ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਡੀ. ਸੀ. ਕੰਪਲੈਕਸ ਵਿੱਚ ਰੋਸ ਪ੍ਰਦਰਸ਼ਨ ਕਰਕੇ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਦੀ ਕੋਠੀ ਵੱਲ ਸਕੂਟਰਾਂ, ਮੋਟਰ ਸਾਈਕਲਾਂ ਨਾਲ ਰੋਸ ਮਾਰਚ ਕੀਤਾ ਗਿਆ। ਆਗੂਆਂ ਮਹਿਮਾ ਸਿੰਘ ,ਜੁਗਰਾਜ ਰਾਮਾ, ਦਰਸ਼ਨ ਚੀਮਾ, ਤੇਜਿੰਦਰ ਸਿੰਘ ਤੇਜੀ, ਰਾਜੀਵ ਕੁਮਾਰ, ਰਮੇਸ਼ ਹਮਦਰਦ ਅਤੇ ਨਿਰਮਲ ਸਿੰਘ ਪੱਖੋ ਅਤੇ ਜਗਵੰਤ ਹੰਡਿਆਇਆ ਨੇ ਕੇਵਲ ਸਿੰਘ ਢਿੱਲੋਂ ਦੀ ਕੋਠੀ ਅੱਗੇ ਪੰਜਾਬ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਖ਼ਿਲਾਫ਼ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਟਕਾ ਰਹੀ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਮੁਲਾਜ਼ਮ ਦੀਆਂ ਮੰਗਾਂ ਪ੍ਰਤੀ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਕਾਂਗਰਸੀ ਆਗੂਆਂ ਨੂੰ ਪਿੰਡਾਂ, ਸਹਿਰਾਂ ਦੇ ਗਲੀਆਂ, ਮੁਹੱਲਿਆਂ ਵਿੱਚ ਵੜਨ ਤੱਕ ਵੀ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ ਮੰਗਾਂ ਨਾ ਮੰਨਣ ਦੀ ਸੂਰਤ ਵਿੱਚ ਸਤੰਬਰ ਦੇ ਦੂਜੇ ਹਫਤੇ ਵਿਚ ਸਰਕਾਰ ਦੇ ਹਰ ਤਰਾਂ ਦੇ ਕੰਮ ਨੂੰ ਠੱਪ ਕਰਨ ਲਈ ਪੈਨ ਡਾਊਨ/ਟੂਲ ਡਾਊਨ ਹੜਤਾਲ ’ਤੇ ਜਾਣ ਦੀ ਚਿਤਾਵਨੀ ਵੀ ਦਿੱਤੀ ਅਤੇ ਇਸ ਸੰਬੰਧੀ ਇੱਕ ਚਿਤਾਵਨੀ ਪੱਤਰ ਵੀ ਕੇਵਲ ਸਿੰਘ ਢਿੱਲੋਂ ਦੀ ਗੈਰਹਾਜ਼ਰੀ ਵਿੱਚ ਉਸਦੇ ਨੁਮਾਇੰਦੇ ਵਰੁਣ ਕੁਮਾਰ ਨੂੰ ਸੌਂਪਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਸ਼ਵਿੰਦਰ ਪਾਲ ਹੰਡਿਆਇਆ, ਜਗਤਾਰ ਸਿੰਘ ਪੱਤੀ, ਸੁਖਜੰਟ ਸਿੰਘ ਬਿਜਲੀ ਬੋਰਡ, ਅਮਰੀਕ ਸਿੰਘ ਭੱਠਲ, ਸੁਰਿੰਦਰ ਸ਼ਰਮਾ, ਜਰਨੈਲ ਸਿੰਘ, ਗੁਰਜੰਟ ਸਿੰਘ ਕੈਰੇ ਆਦਿ ਸ਼ਾਮਲ ਸਨ।