ਬਰਨਾਲਾ,20 ਅਗਸਤ (ਮੰਗਲ ਸਿੰਘ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੁੱਕਰਵਾਰ ਨੂੰ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ ਕਰਜ਼ਾਂ ਰਾਹਤ ਸਕੀਮ ਦੀ ਸੁਰੂਆਤ ਰੋਪੜ ਤੋਂ ਕੀਤੀ ਗਈ। ਇਸ ਸਕੀਮ ਤਹਿਤ 2.85 ਲੱਖ ਲੋਕਾਂ ਦਾ 520 ਕਰੋੜ ਰੁਪਏ ਦਾ ਕਰਜ ਮਾਫ਼ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਸਮਾਗਮ ਦੌਰਾਨ ਦੱਸਿਆ ਕਿ ਇਸ ਤੋਂ ਪਹਿਲਾਂ ਰਾਜ ਸਰਕਾਰ 5.85 ਲੱਖ ਕਿਸਾਨਾਂ ਦਾ 4700 ਕਰੋੜ ਦਾ ਕਰਜ਼ਾ ਵੀ ਮਾਫ਼ ਕਰ ਚੁੱਕੀ ਹੈ। ਇਸ ਸਬੰਧ ਵਿਚ ਜ਼ਿਲਾ ਪੱਧਰ ਦਾ ਵਰਚੂਅਲ ਸਮਾਗਮ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਇਆ। ਜਿਸ ਵਿੱਚ, ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸ. ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਤੋਂ ਬਾਅਦ ਹੁਣ ਬੇਜ਼ਮੀਨੇ ਅਤੇ ਖੇਤ ਮਜ਼ਦੂਰਾਂ ਦੇ ਕਰਜ ਮਾਫ਼ ਕਰਕੇ ਸਰਕਾਰ ਨੇ ਉਨਾਂ ਨੂੰ ਰਾਹਤ ਪਹੁੰਚਾਈ ਹੈ। ਇਸ ਵਰਚੂਅਲ ਪ੍ਰੋਗਰਾਮ ਮੌਕੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਤਪਾ ਸ਼੍ਰੀ ਹਰਜੀਤ ਸਿੰਘ, ਏ.ਡੀ.ਓ. ਖੇਤੀਬਾੜੀ ਵਿਭਾਗ ਸ਼੍ਰੀ ਗੁਰਚਰਨ ਸਿੰਘ, ਸਕੱਤਰ ਦੀ ਠੀਕਰੀਵਾਲਾ ਖੇਤੀਬਾੜੀ ਸਹਿਕਾਰੀ ਸੁਸਾਇਟੀ ਸ਼੍ਰੀ ਸੰਦੀਪ ਸਿੰਘ ਆਦਿ ਹਾਜ਼ਰ ਸਨ।