ਬਰਨਾਲਾ, 20 ਅਗਸਤ (ਨਿਰਮਲ ਸਿੰਘ ਪੰਡੋਰੀ) : ਕਰਨੈਲ ਸਿੰਘ ਨੇ ਪ੍ਰਣ ਕੀਤਾ ਸੀ ਕਿ ਉਹ ਦਿੱਲੀ ਕਿਸਾਨ ਮੋਰਚੇ ਤੋਂ ਜਿੱਤ ਕੇ ਵਾਪਸ ਮੁੜੇਗਾ ਜਾਂ ਫਿਰ ਉੱਥੇ ਹੀ ਜ਼ਿੰਦਗੀ ਕਿਸਾਨੀ ਸੰਘਰਸ਼ ਦੇ ਲੇਖੇ ਲਾ ਦੇਵੇਗਾ। ਜ਼ਿਲੇ ਦੇ ਪਿੰਡ ਰੂੜੇਕੇ ਕਲਾਂ ਦਾ ਕਰਨੈਲ ਸਿੰਘ (72) 9 ਮਹੀਨਿਆਂ ਤੋਂ ਟਿੱਕਰੀ ਬਾਰਡਰ ’ਤੇ ਕਾਲੇ ਕਾਨੂੰਨਾ ਦੇ ਖ਼ਿਲਾਫ਼ ਕਿਸਾਨ ਅੰਦੋਲਨ ਵਿੱਚ ਡਟਿਆ ਹੋਇਆ ਸੀ। ਉੱਥੇ ਹੀ ਉਸ ਦੀ ਸਿਹਤ ਅਚਾਨਕ ਵਿਗੜੀ ਤਾਂ ਸਾਥੀ ਕਿਸਾਨਾਂ ਨੇ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ , ਜਿੱਥੋ ਪੀਜੀਆਈ ਰੋਹਤਕ ਭੇਜ ਦਿੱਤਾ ਪਰ ਉੱਥੇ ਕਰਨੈਲ ਸਿੰਘ ਦੀ ਮੌਤ ਹੋ ਗਈ । ਕਰਨੈਲ ਸਿੰਘ ਆਪਣਾ ਪ੍ਰਣ ਪੂਰਾ ਕਰਦਾ ਹੋਇਆ ਜ਼ਿੰਦਗੀ ਕਿਸਾਨ ਸੰਘਰਸ਼ ਦੇ ਲੇਖੇ ਲਾ ਗਿਆ। ਬੀਕੇਯੂ ਏਕਤਾ ਉਗਰਾਹਾਂ ਦੇ ਆਗੂਆਂ ਨੇ ਕਰਨੈਲ ਸਿੰਘ ਦੇ ਪਰਿਵਾਰ ਨੂੰ 10 ਲੱਖ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮਾਫ਼ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦ ਤੱਕ ਉਕਤ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਕਰਨੈਲ ਸਿੰਘ ਦਾ ਸਸਕਾਰ ਨਹੀਂ ਕੀਤਾ ਜਾਵੇਗਾ।