ਲੁਧਿਆਣਾ, 22 ਅਗਸਤ (ਜ਼ੀ98 ਨਿਊਜ਼)- ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਤੇ ਪਸਾਰ ਲਈ ਯਤਨਸ਼ੀਲ ਅਤੇ ਵਿਰਸੇ ਨੂੰ ਸੰਭਾਲਣ ਲਈ ਵਰਿੰਦਰਜੀਤ ਕੌਰ ਸਿੰਮੀ,ਗੁਰਸੇਵਕ ਸਿੰਘ ਧੌਲਾ, ਮਨਜੀਤ ਸਿੰਘ ਮਨੀ ਦੀ ਅਗਵਾਈ ਹੇਠ ਦੁਨੀਆਂ ਦੇ ਕੋਨੇ ਕੋਨੇ ‘ਚ ਹੋਕਾ ਦੇ ਰਹੇ ਪੰਜਾਬੀ ਲੋਕਧਾਰਾ “ਫੇਸਬੁੱਕ ਗਰੁੱਪ” ਵੱਲੋਂ ਥਰੀਕੇ ਰਿਜ਼ੋਰਟ ਲੁਧਿਆਣਾ ਵਿਖੇ ਉੱਘੇ ਲੇਖਕ ਉਂਕਾਰ ਸਿੰਘ ਸਿੱਧੂ ਦਾ ਸਫ਼ਰਨਾਮਾ “ਪੈਰ ਚੱਕਰ” ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਲੇਖਕ ਜਨਮੇਜਾ ਸਿੰਘ ਜੌਹਲ, ਏਸੀਪੀ ਹਰਦੀਪ ਸਿੰਘ ਗਰੇਵਾਲ, ਡਾ. ਭੁਪਿੰਦਰ ਸਿੰਘ ਬੇਦੀ, ਆਲੋਚਕ ਬੁੱਧ ਸਿੰਘ ਨੀਲੋਂ, ਨੌਜਵਾਨ ਨਾਵਲਕਾਰ ਬੇਅੰਤ ਸਿੰਘ ਬਾਜਵਾ, ਗੁਰਸੇਵਕ ਸਿੰਘ ਧੌਲਾ ਅਤੇ ਲੇਖਕ ਦੇ ਪਰਿਵਾਰ ਵੱਲੋਂ ਕਿਤਾਬ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਚ ਲੇਖਕ ਉਂਕਾਰ ਸਿੰਘ ਸਿੱਧੂ ਦੀ ਮਾਤਾ ਨੂੰ ਪੰਜਾਬੀ ਲੋਕਧਾਰਾ ਟੀਮ ਵੱਲੋਂ ਪ੍ਰਧਾਨ ਸੁਖਪਾਲ ਸਿੰਘ ਜੱਸਲ ਅਤੇ ਗੁਰਸੇਵਕ ਸਿੰਘ ਧੌਲਾ ਦੀ ਅਗਵਾਈ ਵਿਚ ਕਿਤਾਬ ਭੇਂਟ ਕੀਤੀ ਗਈ। ਇਸ ਤੋਂ ਬਾਅਦ ਨੌਜਵਾਨ ਨਾਵਲਕਾਰ ਬੇਅੰਤ ਸਿੰਘ ਬਾਜਵਾ ਨੇ ਸਫ਼ਰਨਾਮਾ ‘ਤੇ ਪਰਚਾ ਪੜਦਿਆਂ ਕਿਹਾ ਕਿ ਲੇਖਕ ਸਿੱਧੂ ਦਾ ਸਫ਼ਰਨਾਮਾ ਬਹੁਤ ਹੀ ਰੌਚਕਿਤਾ ਭਰਪੂਰ ਹੈ, ਜੋ ਪਾਠਕ ਅੰਦਰ ਇੱਕ ਚੰਗਾ ਕੰਮ ਕਰਨ ਤੇ ਜਗਿਆਸਾ ਪੈਦਾ ਕਰਦਾ ਹੈ। ਇਸ ਮੌਕੇ ਡਾ ਭੁਪਿੰਦਰ ਸਿੰਘ ਬੇਦੀ ਅਤੇ ਆਲੋਚਕ ਬੁੱਧ ਸਿੰਘ ਨੀਲੋਂ ਨੇ ਸਫ਼ਰਨਾਮੇ ‘ਤੇ ਆਪਣੀ ਟਿੱਪਣੀ ਦਿੰਦਿਆਂ ਕਿਹਾ ਕਿ ਲੇਖਕ ਨੇ ਪੰਜ ਕਿਤਾਬਾਂ ਦੇ ਮੈਟਰ ਨੂੰ ਸ਼ਬਦਾਂ ਦੀ ਚੰਗੀ ਜੜਤ ਨਾਲ ਇੱਕ ਹੀ ਕਿਤਾਬ ਵਿਚ ਗੁੰਦਵੀਂ ਭਾਸ਼ਾ ਵਿਚ ਬੰਦ ਕੀਤਾ ਹੈ। ਜੋ ਸਫਲ ਵਾਰਤਕ ਲੇਖਕ ਹੋਣ ਦੀ ਗਵਾਹੀ ਭਰਦਾ ਹੈ। ਜਨਮੇਜਾ ਸਿੰਘ ਜੌਹਲ, ਜਗਸੀਰ ਸਿੰਘ ਕਲਾਲਾ , ਸਤਨਾਮ ਸਿੰਘ ਮੁਸਾਫਿਰ ਨੇ ਵੀ ਕਿਤਾਬ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ।ਉਂਕਾਰ ਸਿੰਘ ਦੀ ਬੇਟੀ ਜਸਕੀਰਤ ਕੌਰ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
