ਚੰਡੀਗੜ, 23 ਅਗਸਤ (ਜੀ98 ਨਿਊਜ਼) : ਇੱਕ ਨੌਜਵਾਨ ਮਹਿਲਾ ਡਾਕਟਰ ਨੇ ਆਪਣੀ ਮਾਂ ਅਤੇ ਸਕੀ ਭੈਣ ਨੂੰ ਨਸ਼ੀਲੀਆਂ ਦਵਾਈਆਂ ਦੇ ਟੀਕੇ ਲਗਾ ਕੇ ਮੌਤ ਦੀ ਨੀਂਦ ਸੁਲਾ ਦਿੱਤਾ ਅਤੇ ਫਿਰ ਖ਼ੁਦ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕਸ਼ੀ ਦੀ ਕੋਸ਼ਿਸ਼ ਕੀਤੀ ਪਰ ਬਚ ਗਈ। ਇਹ ਮਾਮਲਾ ਗੁਜਰਾਤ ਨਾਲ ਸੰਬੰਧਿਤ ਹੈ ਜਿੱਥੇ ਇੱਕ 30 ਸਾਲਾ ਮਹਿਲਾ ਡਾਕਟਰ ਦਰਸ਼ਨਾ ਪਰਜਾਪਤੀ ਨੇ ਆਪਣੀ ਮਾਂ ਮੰਜੁਲਾਬੇਨ ਅਤੇ ਭੈਣ ਫਲਗੁਨੀ ਨੂੰ ਨਸ਼ੀਲੀਆਂ ਦਵਾਈਆਂ ਦਾ ਟੀਕਾ ਲਗਾ ਕੇ ਮਾਰ ਦਿੱਤਾ ਪਰ ਖ਼ੁਦਕਸ਼ੀ ਦੀ ਕੋਸ਼ਿਸ਼ ਕਰਦੀ ਬਚ ਗਈ। ਆਮ ਤੌਰ ’ਤੇ ਮਾੜੀ ਘਰੇਲੂ ਆਰਥਿਕ ਸਥਿਤੀ ਨੂੰ ਅਜਿਹੀਆਂ ਘਟਨਾਵਾਂ ਦਾ ਅਧਾਰ ਮੰਨਿਆ ਜਾਂਦਾ ਹੈ ਪਰ ਪੁਲਿਸ ਪੜਤਾਲ ਵਿੱਚ ਉਕਤ ਮਾਮਲੇ ’ਚ ਅਜਿਹਾ ਕੋਈ ਕਾਰਨ ਸਾਹਮਣੇ ਨਹੀਂ ਆਇਆ। ਇਸ ਲਈ ਅਜਿਹੇ ਮਾਮਲੇ ਕਈ ਵਾਰ ਸਮਾਜਿਕ ਬੁਝਾਰਤ ਬਣ ਕੇ ਰਹਿ ਜਾਂਦੇ ਹਨ। ਜੇਕਰ ਡਿਪਰੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਵੀ ਇਹ ਗੱਲ ਮੰਨੀ ਜਾਂਦੀ ਹੈ ਕਿ ਡਿਪਰੈਸ਼ਨ ਦੀ ਮਰੀਜ਼ ਨੂੰ ਕਿਸੇ ਹੋਰ ਦੀ ਜਾਨ ਲੈਣ ਦਾ ਕੋਈ ਅਧਿਕਾਰ ਨਹੀਂ ਮਿਲ ਜਾਂਦਾ ।