ਬਰਨਾਲਾ, 25 ਅਗਸਤ (ਨਿਰਮਲ ਸਿੰਘ ਪੰਡੋਰੀ) : ਜ਼ਿਲੇ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਹਰ ਹਾਲਤ ਵਿੱਚ ਬਹਾਲ ਰੱਖਿਆ ਜਾਵੇਗਾ। ਅਪਰਾਧਿਕ ਬਿਰਤੀ ਵਾਲੇ ਲੋਕਾਂ ਉੱਪਰ ਸਖ਼ਤ ਨਜ਼ਰ ਰੱਖੀ ਜਾਵੇਗੀ ਅਤੇ ਲੋਕਾਂ ਦਾ ਨਿਆਂ ਪ੍ਰਣਾਲੀ ਵਿੱਚ ਵਿਸ਼ਵਾਸ਼ ਬਹਾਲ ਰੱਖਿਆ ਜਾਵੇਗਾ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲੇ ਦੇ ਨਵੇਂ ਪੁਲਿਸ ਮੁਖੀ ਸ੍ਰੀ ਭਾਗੀਰਥ ਸਿੰਘ ਮੀਨਾ ਆਈਪੀਐਸ ਨੇ ਆਪਣੀ ਪਹਿਲੀ ਪੈ੍ਸ ਕਾਨਫਰੰਸ ਦੌਰਾਨ ਕੀਤਾ। ਸ੍ਰੀ ਮੀਨਾ ਫਿਰੋਜ਼ਪੁਰ ਤੋਂ ਬਦਲ ਕੇ ਇੱਥੇ ਆਏ ਹਨ । ਉਨਾਂ ਕਿਹਾ ਕਿ ਜੁਰਮ ਨੂੰ ਰੋਕਣ, ਕੰਟਰੋਲ ਕਰਨ ਅਤੇ ਅਪਰਾਧਿਕ ਗਤੀਵਿਧੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਨਸ਼ਿਆਂ ਤੋਂ ਨੌਜਵਾਨ ਪੀੜੀ ਨੂੰ ਬਚਾਉਣ ਲਈ ਖਾਸ ਧਿਆਨ ਦਿੱਤਾ ਜਾਵੇਗਾ ਅਤੇ ਨਸ਼ਾ ਤਸਕਰੀ ਸੰਬੰਧੀ ਜ਼ੀਰੋ ਟਾਲਰੈਂਸ ਨੀਤੀ ਉੱਪਰ ਕੰਮ ਕੀਤਾ ਜਾਵੇਗਾ। ਜਦ ਪੱਤਰਕਾਰਾਂ ਨੇ ਟ੍ਰੈਫਿਕ ਵਿੰਗ ਨਾ ਹੋਣ ਸੰਬੰਧੀ ਗੱਲ ਕੀਤੀ ਤਾਂ ਸ੍ਰੀ ਮੀਨਾ ਨੇ ਕਿਹਾ ਕਿ ਜ਼ਿਲੇ ਵਿੱਚ ਸਾਰੇ ਪੁਲਿਸ ਸਿਸਟਮ ਨੂੰ ਰੀਵਿਊ ਕਰਾਂਗੇ,ਜੋ ਠੀਕ ਹੋਇਆ ਰਹਿਣ ਦਿੱਤਾ ਜਾਵੇਗਾ ਅਤੇ ਜਿੱਥੇ ਤਬਦੀਲੀ ਦੀ ਲੋੜ ਹੋਈ ਤਾਂ ਬਦਲਾਅ ਵੀ ਕੀਤਾ ਜਾ ਸਕਦਾ ਹੈ। ਨਵੇਂ ਜ਼ਿਲਾ ਪੁਿਲਸ ਮੁਖੀ ਨੇ ਪੈ੍ਰਸ ਤੋਂ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ ਕਿ ਆਮ ਲੋਕਾਂ ਲਈ ਉਨਾਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ, ਲੋਕ ਜਦ ਚਾਹੁਣ ਆਪਣੀਆਂ ਸਮੱਸਿਆਵਾਂ ਸੰਬੰਧੀ ਮਿਲ ਸਕਦੇ ਹਨ। ਇਸ ਮੌਕੇ ਡੀਪੀਆਰਓ ਮੇਘਾ ਮਾਨ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਹਾਜ਼ਰ ਸਨ।