ਚੰਡੀਗੜ, 25 ਅਗਸਤ (ਜੀ98 ਨਿਊਜ਼) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗਾਵਤ ਕਰਨ ਵਾਲੇ,ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਗਏ ਪੰਜਾਬ ਕੈਬਨਿਟ ਦੇ ਵਜ਼ੀਰ ਹਰੀਸ਼ ਰਾਵਤ ਨੇ ਖੋਟੇ ਸਿੱਕੇ ਵਾਂਗ ਮੋੜ ਦਿੱਤੇ ਹਨ। ਸ੍ਰੀ ਰਾਵਤ ਨੇ ਸਪੱਸ਼ਟ ਆਖ ਦਿੱਤਾ ਹੈ ਕਿ ਅਗਲੀਆਂ ਚੋਣਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ। ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਬਾਗ਼ੀ ਮੰਤਰੀਆਂ ਤੇ ਵਿਧਾਇਕਾਂ ਦੀ ਹਾਲਤ ‘ਸੱਪ ਦੇ ਮੂੰਹ ’ਚ ਕੋਹੜ ਕਿਰਲੀ’ ਵਾਲੀ ਹੋ ਗਈ ਹੈ, ਜੇ ਬਗਾਵਤ ਰੂਪੀ ਕਿਰਲੀ ਖਾਂਦੇ ਨੇ ਤਾਂ ਮਰਦੇ ਨੇ ਅਤੇ ਜੇ ਛੱਡਦੇ ਨੇ ਫਿਰ ਵੀ ਮਰਦੇ ਨੇ ਭਾਵ ਕਿ ਜੇ ਸੱਚਮੁੱਚ ਹੀ ਕਾਂਗਰਸ ਹਾਈ ਕਮਾਨ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਉੱਪਰ ਖੜ ਗਈ ਤਾਂ ਬਾਗ਼ੀ ਮੰਤਰੀਆਂ ਤੇ ਵਿਧਾਇਕਾਂ ਦੀ ਖ਼ੈਰ ਨਹੀਂ। ਸੰਕੇਤਕ ਤੌਰ ’ਤੇ ਲਿਖਿਆ ਜਾ ਸਕਦਾ ਹੈ ਕਿ ਸੂਬੇ ਦੇ ਡੀਸੀ ਅਤੇ ਐਸਐਸਪੀ ਸਿੱਧੇ ਤੌਰ ’ਤੇ ਮੁੱਖ ਮੰਤਰੀ ਨੂੰ ਜਵਾਬਦੇਹ ਹੁੰਦੇ ਹਨ। ਜਿਸ ਕਾਰਨ ਬਾਗ਼ੀ ਮੰਤਰੀਆਂ ਤੇ ਵਿਧਾਇਕਾਂ ਨੂੰ ਆਪਣੇ ਜ਼ਿਲਿਆਂ ਅਤੇ ਹਲਕਿਆਂ ਵਿੱਚ ਕੰਮ ਕਰਵਾਉਣ ਸੰਬੰਧੀ ਮੁਸ਼ਕਿਲਾਂ ਪੇਸ਼ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੈਪਟਨ ਖ਼ੇਮਾ ਬਾਗ਼ੀ ਆਗੂਆਂ ਸੰਬੰਧੀ ‘ਜੈਸੇ ਕੋ ਤੈਸਾ’ ਵਾਲੀ ਨੀਤੀ ਉੱਪਰ ਹੀ ਚੱਲੇਗਾ।