ਚੰਡੀਗੜ,25 ਅਗਸਤ (ਜੀ98 ਨਿਊਜ਼) : ਪੰਜਾਬ ’ਚ ਸੱਤਾਧਾਰੀ ਪਾਰਟੀ ਕਾਂਗਰਸ ਵਿੱਚ ਪਾਟੋਧਾੜ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਮੁਤਾਬਿਕ ਸੂਬਾ ਰਾਸ਼ਟਰਪਤੀ ਰਾਜ ਵੱਲ ਵੱਧ ਰਿਹਾ ਹੈ। ਬੀਤੇ ਕੱਲ ਕੈਪਟਨ ਵਜ਼ਾਰਤ ਦੇ 4-5 ਮੰਤਰੀਆਂ ਅਤੇ 25 ਤੋਂ 30 ਵਿਧਾਇਕਾਂ ਨੇ ਕੈਪਟਨ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ। ਇਹ ਬਾਗ਼ੀ ਆਗੂ ਸੂਬਾ ਇੰਚਾਰਜ ਹਰੀਸ਼ ਰਾਵਤ ਨੂੰ ਦੇਹਰਾਦੂਨ ਜਾ ਕੇ ਮਿਲੇ । ਇਨਾਂ ਬਾਗ਼ੀ ਆਗੂਆਂ ਨੂੰ ਉਮੀਦ ਸੀ ਕਿ ਅੰਕੜਿਆਂ ਦੀ ਖੇਡ ਕੈਪਟਨ ਨੂੰ ਬਲਦਣ ਲਈ ਹਾਈਕਮਾਨ ਨੂੰ ਮਜ਼ਬੂਰ ਕਰ ਦੇਵੇਗੀ ਪ੍ਰੰਤੂ ਸ੍ਰੀ ਹਰੀਸ਼ ਰਾਵਤ ਨੇ ਇਨਾਂ ਬਾਗ਼ੀ ਆਗੂਆਂ ਨੂੰ ਕੈਪਟਨ ਨੂੰ ਨਾ ਬਦਲਣ ਸੰਬੰਧੀ ਦੋ-ਟੁੱਕ ਫੈਸਲਾ ਸੁਣਾ ਦਿੱਤਾ। ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਦੇ ਕੈਪਟਨ ਵਿਰੋਧੀ ਧੜੇ ਉੱਪਰ ਟਿਕ ਗਈਆਂ ਹਨ। ਕੀ ਇਹ ਗਰੁੱਪ ਮੁੜ ਕੈਪਟਨ ਨਾਲ ਪੈਚਅੱਪ ਕਰੇਗਾ ਜਾਂ ਆਪਣੀ ਮੰਗ ’ਤੇ ਕਾਇਮ ਰਹੇਗਾਂ। ਜੇਕਰ ਇਸ ਬਾਗ਼ੀ ਗਰੁੱਪ ਦੀ ਮੰਗ ਅਨੁਸਾਰ ਹਾਈਕਮਾਨ ਨੇ ਕੈਪਟਨ ਨੂੰ ਨਾ ਬਦਲਿਆ ਤਾਂ ਇਹ ਗਰੁੱਪ ਕਾਂਗਰਸ ਵਿਧਇਕ ਦਲ ਵਿੱਚ ਵੰਡੀਆਂ ਪਾ ਕੇ ਇੱਕ ਪਾਸੇ ਖੜਾ ਹੋਵੇਗਾ ਸਿੱਟੇ ਵਜੋਂ ਸਰਕਾਰ ਘੱਟ ਗਿਣਤੀ ’ਚ ਰਹਿ ਜਾਵੇਗੀ। ਇਹ ਬਾਗ਼ੀ ਗਰੁੱਪ ਖੁਦ ਸਰਕਾਰ ਬਣਾਉਣ ਦੀ ਤਾਕਤ ਵਿੱਚ ਨਹੀਂ ਹੈ ਅਤੇ ਨਾ ਹੀ ਚੋਣਾਂ ਤੋਂ 4-5 ਮਹੀਨੇ ਪਹਿਲਾਂ ਕੋਈ ਸੂਬੇ ਦੀ ਵਾਗਡੋਰ ਸੰਭਾਲਣ ਦਾ ਰਿਸਕ ਲਵੇਗਾ। ਅਜਿਹੇ ਹਾਲਾਤਾਂ ’ਚ ਕੈਪਟਨ ਅਮਰਿੰਦਰ ਸਿੰਘ ਕੋਲ ਅਸਤੀਫਾ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ, ਜਿਸ ਦਾ ਨਤੀਜਾ ਰਾਸ਼ਟਰਪਤੀ ਰਾਜ ਹੀ ਹੋਵੇਗਾ।