ਬਰਨਾਲਾ,25 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਰੋਡਵੇਜ ਅਤੇ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੀ ਕਮੇਟੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਬੱਸ ਸਟੈਡ ਬੰਦ ਕਰਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਡੀਪੂ ਪ੍ਰਧਾਨ ਨਿਰਪਾਲ ਸਿੰਘ ਪੱਪੂ ਚੇਅਰਮੈਨ ਰਣਧੀਰ ਸਿੰਘ ਨੇ ਕਿਹਾ ਕਿ ਕਾਂਗਰਸ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਟਰਾਂਸਪੋਰਟ ਮਾਫ਼ੀਆ ਖਤਮ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ, ਨਾਜ਼ਾਇਜ ਚੱਲਦੀਆਂ ਬੱਸਾਂ ਬੰਦ ਕਰਨ ਵਰਗੀਆਂ ਗੱਲਾਂ ਸਿਆਸੀ ਜੁਮਲੇ ਬਣ ਗਈਆਂ ਹਨ। ਉਨਾਂ ਕਿਹਾ ਕਿ ਬੱਸਾਂ ਵਿੱਚ ਫਰੀ ਸਫਰ ਸਹੂਲਤਾਂ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਦੀ ਨੀਅਤ ਸਰਕਾਰੀ ਟਰਾਂਸਪੋਰਟ ਖਤਮ ਕਰਨ ਦੀ ਹੈ। ਟਰਾਂਸਪੋਰਟ ਮੰਤਰੀ ਵੱਲੋਂ ਯੂਨੀਅਨ ਨਾਲ ਮੀਟਿੰਗਾਂ ਕਰਕੇ ਸਾਰੇ ਆਲੂਟ ਸੋਰਸਿੰਗ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸਰਕਾਰੀ ਬੱਸਾਂ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ ਸੀ। ਉਨਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤਾ ਤਾਂ 6 ਸਤੰਬਰ ਤੋਂ ਇਹ ਸਾਰੇ ਮੁਲਾਜ਼ਮ ਅਣਮਿਥੇ ਸਮੇਂ ਲਈ ਹੜਤਾਲ ’ਤੇ ਬੈਠਣਗੇ। ਇਸ ਹੜਤਾਲ ਦੌਰਾਨ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ ਅਤੇ ਵਿਧਾਨ ਸਭਾ ਸੈਸ਼ਨ ਮੌਕੇ ਵਿਧਾਨ ਸਭਾ ਵੱਲ ਮਾਰਚ ਵੀ ਕੀਤਾ ਜਾਵੇਗਾ। ਜੇਕਰ ਫਿਰ ਵੀ ਸਾਡੀਆਂ ਮੰੰਗਾਂ ਨਾ ਮੰਨੀਆਂ ਤਾਂ ਪਿੰਡਾਂ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਕਰਕੇ ਸਰਕਾਰ ਦੇ ਮੰਤਰੀਆਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।