ਚੰਡੀਗੜ੍ਹ 26 ਅਗਸਤ (ਜ਼ੀ98 ਨਿਊਜ਼)-ਆਤੰਕ ਦਾ ਦੂਜਾ ਨਾਮ ਤਾਲਿਬਾਨ ਲਈ ਆਉਣ ਵਾਲੇ ਸਮੇਂ ‘ਚ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ । ਅਫ਼ਗਾਨਿਸਤਾਨ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ 31ਅਗਸਤ ਡੈੱਡਲਾਈਨ ਮਿਥਣ ‘ਤੇ ਅਮਰੀਕਾ ਅਤੇ ਤਾਲਿਬਾਨ ਆਹਮੋ-ਸਾਹਮਣੇ ਹੋ ਗਏ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਅਮਰੀਕਾ ਨੇ ਹੀ 31 ਅਗਸਤ ਅਫ਼ਗਾਨਿਸਤਾਨ ਵਿੱਚੋਂ ਆਪਣੇ ਸੈਨਿਕਾਂ ਅਤੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਡੈੱਡਲਾਈਨ ਮਿੱਥੀ ਸੀ ਜਿਸ ਤੋਂ ਬਾਅਦ ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਭਰੇ ਲਹਿਜ਼ੇ ਵਿਚ ਕਿਹਾ ਸੀ ਕਿ 31 ਅਗਸਤ ਤੋਂ ਬਾਅਦ ਕਾਬੁਲ ਏਅਰਪੋਰਟ ‘ਤੇ ਟਿਕੇ ਅਮਰੀਕੀ ਸੈਨਿਕਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਪ੍ਰੰਤੂ ਹੁਣ ਅਮਰੀਕਾ ਨੇ ਬਿਆਨ ਜਾਰੀ ਕੀਤਾ ਕਿ 31 ਅਗਸਤ ਤੋਂ ਬਾਅਦ ਵੀ ਅਮਰੀਕੀ ਸੈਨਿਕਾਂ ਅਤੇ ਅਫ਼ਗਾਨਿਸਤਾਨ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਜਾਰੀ ਰੱਖਿਆ ਜਾਵੇਗਾ । ਜਿਸ ਤੋਂ ਬਾਅਦ ਤਾਲਿਬਾਨ ਅਤੇ ਅਮਰੀਕਾ ਆਹਮੋ ਸਾਹਮਣੇ ਹੋ ਗਏ ਹਨ । ਅਮਰੀਕਾ ਦੇ ਤਾਜ਼ਾ ਬਿਆਨ ‘ਤੇ ਤਾਲਿਬਾਨ ਦੀ ਕੋਈ ਟਿੱਪਣੀ ਸਾਹਮਣੇ ਅਜੇ ਨਹੀਂ ਆਈ ਪ੍ਰੰਤੂ ਜਿਸ ਤਰ੍ਹਾਂ ਦੇ ਹਾਲਾਤ ਅਫਗਾਨਿਸਤਾਨ ਵਿੱਚ ਬਣ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਤਾਲਿਬਾਨ ਲਈ ਮੁਸ਼ਕਿਲਾਂ ਭਰਿਆ ਹੋਵੇਗਾ ਕਿਉਂਕਿ ਅਮਰੀਕਾ ਅਤੇ ਯੂ. ਕੇ. ਨੇ ਖ਼ਤਰੇ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਕਾਬੁਲ ਏਅਰਪੋਰਟ ਤੋਂ ਦੂਰ ਰਹਿਣ ਦੀ ਸਲਾਹ ਦੇ ਦਿੱਤੀ ਹੈ ।