ਚੰਡੀਗੜ੍ਹ 26 ਅਗਸਤ (ਜੀ98 ਨਿਊਜ਼) : ਨਾਮਵਰ ਸਮਾਜਸੇਵੀ ਸੰਸਥਾ ਭਾਈ ਨੂਰਾ ਮਾਹੀ ਕਲੱਬ ਰਾਏਕੋਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਸਬੰਧੀ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਪਿੰਡ ਭੂੰਦੜੀ ਵਿਖੇ ਵਿਸ਼ਾਲ ਕਥਾ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਭਾਈ ਸੁਖਵਿੰਦਰ ਸਿੰਘ ਗੋਂਦਵਾਲ ਤੇ ਭਾਈ ਗੁਰਵਿੰਦਰ ਸਿੰਘ ਬਿੰਜਲ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉੱਘੇ ਕਥਾਵਾਚਕ ਭਾਈ ਦਰਸ਼ਨ ਸਿੰਘ ਲੰਮਾਜੱਟਪੁਰਾ ਨੇ ਗੁਰਮਿਤ ਕਥਾ ਵਿਖਿਆਨ ਅਤੇ ਗੁਰਇਤਿਹਾਸ ਸੁਣਾ ਕੇ ਗੁਰੂ ਦੇ ਚਰਨਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਡਾ. ਉਲਵਿੰਦਰ ਸਿੰਘ ਰਾਏਕੋਟ ਨੇ ਭਾਈ ਨੂਰਾ ਮਾਹੀ ਕਲੱਬ ਵੱਲੋਂ ਕਰਵਾਏ ਜਾਂਦੇ ਧਾਰਮਿਕ ਸਮਾਗਮ ਅਤੇ ਸਮਾਜਸੇਵੀ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਇਸ ਤਰਾਂ ਦੇ ਹੋਰ ਸਮਾਗਮ ਵੀ ਕਰਵਾਏ ਜਾਣਗੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਲੱਬ ਵੱਲੋਂ ਸਾਂਝੇ ਤੌਰ ’ਤੇ ਕਲੱਬ ਦੇ ਬਾਨੀ ਪ੍ਰਧਾਨ ਡਾ. ਕਰਵਿੰਦਰ ਸਿੰਘ ਦੀ ਸਮਾਜਸੇਵੀ ਵਿਚਾਰਧਾਰਾ ਤੇ ਸੁਹਿਰਦ ਸੋਚ ਦੀ ਪ੍ਰਸੰਸਾ ਕੀਤੀ। ਕਲੱਬ ਦੇ ਪ੍ਰਧਾਨ ਮਾਸਟਰ ਪ੍ਰੀਤਮ ਸਿੰਘ ਬਰਮੀ ਨੇ ਸਹਿਯੋਗ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਮੇਟੀ ਪ੍ਰਧਾਨ ਗੁਰਮੇਲ ਸਿੰਘ, ਗੰ੍ਥੀ ਬਾਬਾ ਭਜਨ ਸਿੰਘ, ਗੁਲਾਬ ਸਿੰਘ, ਬਲਜਿੰਦਰ ਸਿੰਘ, ਉਜਾਗਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।