ਬੱਚਿਆਂ ਉਪਰ ਤਸ਼ੱਦਦ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ -ਅਭਿਸ਼ੇਕ ਸਿੰਗਲਾ
ਬਰਨਾਲਾ 26 ਅਗਸਤ (ਨਿਰਮਲ ਸਿੰਘ ਪੰਡੋਰੀ)-ਬਰਨਾਲਾ ਜ਼ਿਲ੍ਹੇ ਦੀ ਤਪਾ ਤਹਿਸੀਲ ਦੇ ਪਿੰਡ ਮਹਿਤਾ ਵਿੱਚ ਇਕ ਪਿਤਾ ਵੱਲੋਂ ਆਪਣੀ ਬੱਚੀ ਕੋਮਲਪ੍ਰੀਤ ਕੌਰ ਉਮਰ ਕਰੀਬ 9 ਸਾਲ ਉੱਪਰ ਕੀਤੇ ਅੱਤਿਆਚਾਰ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ‘ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਅਭਿਸ਼ੇਕ ਸਿੰਗਲਾ ਨੇ ਸਖਤ ਨੋਟਿਸ ਲੈਂਦੇ ਹੋਏ ਤੁਰੰਤ ਤਪਾ ਪੁਲੀਸ ਨਾਲ ਸੰਪਰਕ ਕਰਕੇ ਦੋਸ਼ੀ ਖ਼ਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ। ਜ਼ੀ98 ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਸਿੰਗਲਾ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਵਰਤਾਰਾ ਹੈ ਅਤੇ ਬੱਚਿਆਂ ਉਪਰ ਤਸ਼ੱਦਦ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਸ. ਰਾਜਿੰਦਰ ਸਿੰਘ ਨੇ ਵੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਇਸ ਮਾਮਲੇ ‘ਚ ਸਖਤ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਸ੍ਰੀ ਸਿੰਗਲਾ ਅੱਜ ਤਪਾ ਦੇ ਡੀਐਸਪੀ ਬਲਜੀਤ ਸਿੰਘ ਬਰਾੜ, ਐਸਐਚਓ ਜਗਜੀਤ ਸਿੰਘ ਸਮੇਤ ਪੁਲਸ ਪਾਰਟੀ ਨਾਲ ਲੈ ਕੇ ਪੀਡ਼ਤ ਬੱਚੀ ਦੇ ਘਰ ਪਿੰਡ ਮਹਿਤਾ ਵਿਖੇ ਗਏ ਅਤੇ ਬੱਚੀ ਦੀ ਹਾਲਤ ਦੇ ਮੱਦੇਨਜ਼ਰ ਉਸ ਨੂੰ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਅਤੇ ਐਸਐਮਓ ਡਾ. ਪਰਵੇਸ਼ ਕੁਮਾਰ ਨਾਲ ਬੱਚੀ ਦੇ ਇਲਾਜ ਸੰਬੰਧੀ ਗੱਲਬਾਤ ਵੀ ਕੀਤੀ। ਬੱਚੀ ਦੇ ਭਵਿੱਖ ਸੰਬੰਧੀ ਗੱਲਬਾਤ ਕਰਦੇ ਹੋਏ ਸ੍ਰੀ ਸਿੰਗਲਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਗਿਆ ਹੈ ਅਤੇ ਪਿੰਡ ਦੀ ਪੰਚਾਇਤ ਨਾਲ ਮਸ਼ਵਰਾ ਕਰਕੇ ਬੱਚੀ ਕੋਮਲਪ੍ਰੀਤ ਕੌਰ ਨੂੰ ਸਰਕਾਰ ਤੋਂ ਰਜਿਸਟਰਡ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਏਜੰਸੀ ਕੋਲ ਭੇਜਿਆ ਜਾਵੇਗਾ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆਂ ਉੱਪਰ ਅੱਤਿਆਚਾਰ ਦੀ ਕੋਈ ਘਟਨਾ ਸਾਹਮਣੇ ਆਉਣ ‘ਤੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਜਿੱਥੇ ਉਹ ਤੁਰੰਤ ਪੁੱਜਣਗੇ।
ਇਸ ਮੌਕੇ ਡੀਐਸਪੀ ਤਪਾ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਦੋਸ਼ੀ ਪਿਤਾ ਗੁਰਜੰਟ ਸਿੰਘ ਉਰਫ ਜੰਟਾ ਦੇ ਖ਼ਿਲਾਫ਼ ਤਪਾ ਥਾਣੇ ‘ਚ ਮੁਕੱਦਮਾ ਨੰਬਰ 96/26-8-2021 ਅਧੀਨ ਧਾਰਾ 307,342, 506 ਅਤੇ ਜੁਵੇਨਾਈਲ ਐਕਟ-75 ਤਹਿਤ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
