ਪਟਿਆਲਾ, 27 ਅਗਸਤ (ਜੀ98 ਨਿਊਜ਼) : ਪਟਿਆਲਾ ਪੁਿਲਸ ਨੇ ਇੱਕ ਅਜਿਹੀ ਦੁਲਹਨ ਨੂੰ ਕਾਬੂ ਕੀਤਾ ਹੈ ਜੋ ਵਿਆਹ ਕਰਵਾ ਕੇ ਪਤੀ ਦੇ ਘਰ ਕੁਝ ਦਿਨ ਰਹਿੰਦੀ ਸੀ ਅਤੇ ਫਿਰ ਮੌਕਾ ਦੇਖ ਕੇ ਘਰ ਦੇ ਸਾਰੇ ਗਹਿਣੇ ਅਤੇ ਨਗਦੀ ਲੈ ਕੇ ਫਰਾਰ ਹੋ ਜਾਂਦੀ ਸੀ। ਵੀਰਪਾਲ ਕੌਰ (30) ਨਾਮ ਦੀ ਇਹ ਔਰਤ ਹੁਣ ਤੱਕ 8 ਪਤੀਆਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾ ਚੁੱਕੀ ਹੈ। ਜਿਸ ਵੇਲੇ ਪੁਲਿਸ ਨੇ ਇਸ ਨੂੰ ਫੜਿਆ, ਇਹ ਔਰਤ ਪਟਿਆਲਾ ਦੇ ਦੇਵੀਗੜ ਕਸਬੇ ਨਜਦੀਕ 9ਵਾਂ ਵਿਆਹ ਕਰਵਾਉਣ ਦੀ ਤਿਆਰੀ ਵਿੱਚ ਸੀ। ਵੀਰਪਾਲ ਕੌਰ ਦੇ ਨਾਲ ਉਸ ਦੀ ਮਾਂ ਪਰਮਜੀਤ ਕੌਰ, ਇੱਕ ਰਿਸ਼ਤੇਦਾਰ ਔਰਤ ਤੇ ਇੱਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਨਾਂ ਪਾਸੋ ਕੁਝ ਸੋਨੇ ਦੇ ਗਹਿਣੇ,ਜਾਅਲੀ ਅਧਾਰ ਕਾਰਡ/ਵੋਟਰ ਕਾਰਡ ਵੀ ਬਰਾਮਦ ਕੀਤੇ ਹਨ। ਦੋਸ਼ੀਆਂ ਖ਼ਿਲਾਫ਼ ਥਾਣਾ ਜੁਲਕਾਂ ’ਚ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪਟਿਆਲਾ ਦੇ ਐਸਪੀ ਸਿਟੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇਹ ਗਿਰੋਹ ਭੋਲੇ-ਭਾਲੇ ਨੌਜਵਾਨਾਂ ਨੂੰ ਵੀਰਪਾਲ ਕੌਰ ਨਾਲ ਵਿਆਹ ਕਰਵਾਉਣ ਲਈ ਤਿਆਰ ਕਰਦਾ ਸੀ ਅਤੇ ਫਿਰ ਕਿਸੇ ਗੁਰਦੁਆਰਾ ਸਾਹਿਬ ਜਾਂ ਮੰਦਰ ’ਚ ਵਿਆਹ ਕਰ ਦਿੱਤਾ ਜਾਂਦਾ ਸੀ। ਵਿਆਹ ਤੋਂ ਬਾਅਦ ਕੁਝ ਦਿਨ ਵੀਰਪਾਲ ਕੌਰ ਆਪਣੇ ਸਹੁਰੇ ਘਰ ਰਹਿੰਦੀ ਸੀ ਤੇ ਘਰ ਦਾ ਭੇਤ ਲੈ ਕੇ ਸਾਰੀ ਨਗਦੀ ਤੇ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਸੀ। ਪੁਲਿਸ ਅਨੁਸਾਰ ਵੀਰਪਾਲ ਕੌਰ ਦੀ ਲੁੱਟ ਦੇ ਸ਼ਿਕਾਰ ਹੋਏ 8 ਪਤੀਆਂ ਵਿੱਚੋਂ ਕੁਝ ਹਰਿਆਣੇ ਤੇ ਕੁਝ ਪੰਜਾਬ ਦੇ ਹਨ