ਚੰਡੀਗੜ, 27 ਅਗਸਤ (ਜੀ98 ਨਿਊਜ਼) : ਪੰਜਾਬ ਵਕਫ਼ ਬੋਰਡ ਨੇ 100 ਦੇ ਕਰੀਬ ਖੰਡਰ ਹੋਈਆਂ ਮਸਜਿਦਾਂ ਦੀ ਕਾਇਆ ਕਲਪ ਦਾ ਫੈਸਲਾ ਕੀਤਾ ਹੈ। ਇਸ ਯੋਜਨਾ ’ਤੇ 5 ਕਰੋੜ ਰੁਪਏ ਖਰਚ ਕੀਤੇ ਜਾਣਗੇ। ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਜੁਨੈਦ ਰਜ਼ਾ ਖਾਨ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਬੋਰਡ ਮੈਂਬਰਾਂ ਨੇ ਇਨਾਂ ਮਸਜਿਦਾਂ ਨੂੰ ਨਵੀਂ ਦਿੱਖ ਦੇਣ ਲਈ 2 ਟੀਮਾਂ ਦਾ ਗਠਨ ਕੀਤਾ। ਇਸ ਤੋਂ ਇਲਾਵਾ ਬਠਿੰਡਾ ਜ਼ਿਲੇ ’ਚ ਇੱਕ ਨਵੀਂ ਮਸਜਿਦ ਦੀ ਉਸਾਰੀ, ਪਠਾਨਕੋਟ, ਫਿਰੋਜ਼ਪੁਰ ਅਤੇ ਲੁਧਿਆਣਾ ’ਚ ਕਬਰਸਤਾਨ ਲਈ ਜਗ੍ਹਾ ਰਾਖਵੀਂ ਕਰਨ ਦਾ ਫੈਸਲਾ ਵੀ ਕੀਤਾ। ਮੀਟਿੰਗ ਦੌਰਾਨ ਮਲੇਰਕੋਟਲਾ ’ਚ ਲੜਕੀਆਂ/ਲੜਕਿਆਂ ਲਈ ਵੱਖ ਵੱਖ ਲਾਇਬਰੇਰੀਆਂ ਲਈ ਗਰਾਂਟ ਵੀ ਜਾਰੀ ਕੀਤੀ ਗਈ।