ਚੰਡੀਗੜ,28 ਅਗਸਤ (ਜੀ98 ਨਿਊਜ਼) : “ਸਰਕਾਰਾਂ ਨੂੰ ਚਾਹੀਦਾ ਹੈ ਕਿ ਗੰਨੇ ਦਾ ਭਾਅ 425 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ, ਕਿਉਂਕਿ ਕਿਸਾਨ ਵਰਗ ਪਹਿਲਾਂ ਹੀ ਅੱਤ ਦਰਜੇ ਦੀ ਮਹਿੰਗਾਈ ਕਾਰਨ ਲਾਚਾਰ ਤੇ ਬੇ-ਵੱਸ ਹੈ। ਕਿਸਾਨਾਂ ਦੀ ਗੰਨੇ ਦੀ ਫਸਲ ਦੀ ਬਕਾਇਆ ਰਾਸ਼ੀ ਦਾ ਵੀ ਤੁਰੰਤ ਭੁਗਤਾਨ ਹੋਣਾ ਚਾਹੀਦਾ ਹੈ। ਕਿਸਾਨਾਂ ਸਿਰ ਚੜੇ ਕਰਜ਼ੇ ਨੂੰ ਵਿਆਜ਼ ਸਮੇਤ ਬਿਨਾਂ ਕਿਸੇ ਸ਼ਰਤਾਂ ਦੇ ਮੁਆਫ ਕਰਨਾ ਚਾਹੀਦਾ ਹੈ, ਤਾਂ ਜੋ ਸਿਰ ਚੜੇ ਕਰਜ਼ੇ ਦੀ ਭਾਰੀ ਪੰਡ ਕਾਰਨ ਬੇ-ਹਾਲ ਹੋਏ ਕਿਸਾਨਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ‘ਚ ਸੁਧਾਰ ਹੋ ਸਕੇ। “ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ(ਕੇਵਾਈਓਆਈ) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ ਰਾਏਕੋਟ ਨੇ ਪ੍ਰੈੱਸ ਨੂੰ ਜਾਰੀ ਇੱਕ ਬਿਆਨ ‘ਚ ਕੀਤਾ। ਉਨਾਂ ਕਿਹਾ ਕਿ ਜਦੋਂ ਮਜ਼ਬੂਰੀ ਵੱਸ ਕਿਸਾਨ-ਮਜ਼ਦੂਰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਆਵਾਜ਼ ਉਠਾਉਂਦੇ ਹਨ ਤਾਂ ਹੈਕੜਬਾਜ਼ ਸਰਕਾਰਾਂ “ਵੇਖ ਲੈਣ“ ਦੀਆਂ ਧਮਕੀਆਂ ਦੇਣ ਤੱਕ ਉੱਤਰ ਆਉਦੀਆਂ ਹਨ, ਜਿਸ ਦੀ ਕੇਵਾਈਓਆਈ.ਸਖਤ ਸ਼ਬਦਾਂ ‘ਚ ਨਿੰਦਾ ਕਰਦੀ ਹੈ। ਚੋਣਾਂ ਮੌਕੇ ਸ਼ਰਾਬ,ਪੈਸਾ, ਨਸ਼ੇ ਦੀ ਵਰਤੋਂ ਸੰਬੰਧੀ ਵੋਟਰਾਂ ਨੂੰ ਸੁਚੇਤ ਕਰਦੇ ਹੋਏ ਉਨਾਂ ਕਿਹਾ ਕਿ ਇਹ ਸਮਾਜ ਦੇ ਭਵਿੱਖ ਪ੍ਰਤੀ ਡੂੰਘੀ ਚਿੰਤਾ ਦਾ ਵਿਸ਼ਾ ਹੈ।