ਬਰਨਾਲਾ,21 ਮਾਰਚ (ਨਿਰਮਲ ਸਿੰਘ ਪੰਡੋਰੀ)-
-ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਮੁਸਲਿਮ ਧਰਮ ਦੇ ਅਨੁਸਾਰ ਬਹੁਤ ਹੀ ਸਤਿਕਾਰ ਸਹਿਤ ਵੇਖਿਆ ਜਾਂਦਾ ਹੈ ਅਤੇ ਮੁਸਲਮਾਨ ਰਮਜ਼ਾਨ ਦੇ ਮਹੀਨੇ ਵਿੱਚ ਰੋਜ਼ੇ ਰੱਖਦੇ ਹਨ ਅਤੇ ਬਾਕੀ ਧਰਮਾਂ ਦੇ ਲੋਕ ਰੋਜ਼ੇ ਰੱਖਣ ਵਾਲੇ ਮੁਸਲਿਮ ਭਰਾਵਾਂ ਦਾ ਪੂਰਾ ਸਤਿਕਾਰ ਕਰਦੇ ਹਨ ਪ੍ਰੰਤੂ ਬਰਨਾਲਾ ਦੇ ਇੱਕ ਵੱਡੇ ਸਿੱਖਿਆ ਅਦਾਰੇ ਨੇ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣ ਵਾਲੀ ਇੱਕ ਵਿਦਿਆਰਥਣ ਦੇ ਨਾਲ ਅਜਿਹੀ ਬਦਸਲੂਕੀ ਕੀਤੀ ਜਿਸ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਵਾਈ ਐਸ ਸਕੂਲ ਹੰਡਿਆਇਆ ਨੇ ਬੁੱਧਵਾਰ ਸੱਤਵੀਂ ਕਲਾਸ ਦੀ ਇੱਕ ਵਿਦਿਆਰਥਣ ਨੂੰ ਫਾਈਨਲ ਪੇਪਰ ਵਿੱਚ ਬੈਠਣ ਤੋਂ ਰੋਕ ਦਿੱਤਾ ਕਿਉਂਕਿ ਇਸ ਵਿਦਿਆਰਥਣ ਵੱਲ ਸਕੂਲ ਦੀ ਕੁਝ ਫੀਸ ਬਕਾਇਆ ਰਹਿੰਦੀ ਸੀ ਜਿਸ ਕਰਕੇ ਸਕੂਲ ਪ੍ਰਬੰਧਨ ਨੇ ਉਕਤ ਵਿਦਿਆਰਥਣ ਨੂੰ ਸੱਤਵੀਂ ਦੇ ਪੇਪਰ ‘ਚ ਨਹੀਂ ਬੈਠਣ ਦਿੱਤਾ। ਵਿਦਿਆਰਥਣ ਸਾਈਨ ਅਖ਼ਤਰ ਦੇ ਪਿਤਾ ਸੀਨਾ ਖਾਨ ਵਾਸੀ ਹੰਡਿਆਇਆ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਦ ਉਸਦੀ ਬੇਟੀ ਬੁੱਧਵਾਰ ਪੇਪਰ ਦੇਣ ਬੈਠੀ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਕਈ ਘੰਟੇ ਬਾਹਰ ਬਿਠਾਇਆ ਗਿਆ। ਉਹਨਾਂ ਦੱਸਿਆ ਕਿ ਬੇਟੀ ਨੇ ਸਕੂਲ ਅਧਿਆਪਕਾਂ ਨੂੰ ਬਕਾਇਦਾ ਦੱਸਿਆ ਸੀ ਕਿ ਉਸਨੇ ਰੋਜ਼ੇ ਰੱਖੇ ਹੋਏ ਹਨ ਪ੍ਰੰਤੂ ਕਿਸੇ ਨੇ ਉਸਦੀ ਗੱਲ ਨਾ ਸੁਣੀ। ਉਹਨਾਂ ਕਿਹਾ ਕਿ ਇਸ ਦੌਰਾਨ ਬੇਟੀ ਨੇ ਅਧਿਆਪਕਾਂ ਦੀਆਂ ਮਿੰਨਤਾਂ ਤਰਲੇ ਕੀਤੇ ਕਿ ਉਸ ਨੂੰ ਪੇਪਰ ਦੇਣ ਦਿੱਤਾ ਜਾਵੇ, ਉਸ ਦੇ ਪਿਤਾ ਫੀਸ ਭਰ ਦੇਣਗੇ ਪ੍ਰੰਤੂ ਅਧਿਆਪਕਾਂ ਨੇ ਬੇਟੀ ਨੂੰ ਪੇਪਰ ਨਾ ਦੇਣ ਦਿੱਤਾ,ਜਦੋਂ ਇਸ ਦੀ ਸੂਚਨਾ ਮਾਪਿਆਂ ਨੂੰ ਦਿੱਤੀ ਗਈ ਤਾਂ ਤੁਰੰਤ ਸੀਨਾ ਖਾਨ ਪਿੰਡ ਦੇ ਕੁਝ ਮੋਹਤਬਰ ਬੰਦਿਆਂ ਨੂੰ ਲੈ ਕੇ ਸਕੂਲ ਪੁੱਜਾ ਅਤੇ ਕੁਝ ਫੀਸ ਬਕਾਇਆ ਹੋਣ ਕਰਕੇ ਬੱਚੀ ਨੂੰ ਪੇਪਰ ਦੇਣ ਤੋਂ ਰੋਕਣ ‘ਤੇ ਇਤਰਾਜ਼ ਕੀਤਾ। ਜਦ ਇਹ ਮਾਮਲਾ ਕਾਫੀ ਵਧ ਗਿਆ ਤਾਂ ਸਕੂਲ ਪ੍ਰਬੰਧਨ ਨੇ ਮੌਕੇ ‘ਤੇ ਪੁਲਿਸ ਵੀ ਬੁਲਾਈ ਜਿਸ ਤੋਂ ਬਾਅਦ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਏਐਸਆਈ ਤਰਸੇਮ ਸਿੰਘ ਮੌਕੇ ‘ਤੇ ਪੁੱਜੇ।

ਰੋਜ਼ੇ ਰੱਖਣ ਵਾਲੀ ਵਿਦਿਆਰਥਣ ਨੂੰ ਪਰੇਸ਼ਾਨ ਕਰਨ ਵਾਲੇ ਪੱਖ ਤੋਂ ਵਿਦਿਆਰਥਣ ਦੇ ਪਿਤਾ ਦੇ ਤੇਵਰ ਵੇਖਦੇ ਹੋਏ ਸਕੂਲ ਪ੍ਰਬੰਧਨ ਨੇ ਵਿਦਿਆਰਥਣ ਦਾ ਪੇਪਰ ਲੈਣ ਲਈ ਹਾਮੀ ਭਰੀ ਅਤੇ ਬੁੱਧਵਾਰ ਨੂੰ ਲਿਆ ਜਾਣ ਵਾਲਾ ਪੇਪਰ ਅੱਜ ਵੀਰਵਾਰ ਨੂੰ ਲਿਆ ਗਿਆ। ਸੀਨਾ ਖਾਨ ਨੇ ਕਿਹਾ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਫੀਸ ਰਹਿੰਦੀ ਹੈ ਤੇ ਉਸਨੇ ਇਸ ਸਬੰਧੀ ਅਧਿਆਪਕਾਂ ਨੂੰ ਕਿਹਾ ਵੀ ਸੀ ਕਿ ਉਹ ਜਲਦੀ ਹੀ ਸਾਰੀ ਫੀਸ ਭਰ ਦੇਣਗੇ ਪ੍ਰੰਤੂ ਅਧਿਆਪਕਾਂ ਨੇ ਸਿਰੇ ਦੀ ਧੱਕੇਸ਼ਾਹੀ ਕਰਦੇ ਹੋਏ ਰਮਜ਼ਾਨ ਦੇ ਪਵਿੱਤਰ ਮਹੀਨੇ ‘ਚ ਰੋਜ਼ੇ ਰੱਖਣ ਵਾਲੀ ਵਿਦਿਆਰਥਣ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਆਪਣੀ ਮਾੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦ ਵਿਦਿਆਰਥਣ ਦੇ ਪਿਤਾ ਸੀਨਾ ਖਾਨ ਦੀ ਗੱਲ ਅਧਿਆਪਕਾਂ ਨੇ ਕਾਫੀ ਸਮਾਂ ਨਾ ਸੁਣੀ ਤਾਂ ਉਸਨੇ ਆਪਣੀ ਗੱਡੀ ਸਕੂਲ ਦੇ ਮੁੱਖ ਗੇਟ ਦੇ ਵਿੱਚਕਾਰ ਲਗਾ ਦਿੱਤੀ ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੂੰ ਭਾਜੜਾਂ ਪੈ ਗਈਆਂ ਕਿਉਂਕਿ ਸਕੂਲ ਦੇ ਅੰਦਰ ਆਉਣ ਜਾਣ ਦਾ ਰਸਤਾ ਬੰਦ ਹੋ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਇਹ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਕੋਈ ਵੀ ਸਕੂਲ ਫੀਸ ਕਰਕੇ ਕਿਸੇ ਵੀ ਵਿਦਿਆਰਥੀ ਨੂੰ ਪੇਪਰ ਦੇਣ ਤੋਂ ਨਹੀਂ ਰੋਕ ਸਕਦਾ। ਇਸ ਮਾਮਲੇ ਸਬੰਧੀ ਮੁਸਲਿਮ ਸਭਾ ਪੰਜਾਬ ਦੇ ਚੇਅਰਮੈਨ ਅਤੇ ਘੱਟ ਗਿਣਤੀਆਂ ਕਮਿਸ਼ਨ ਪੰਜਾਬ ਦੇ ਸਾਬਕਾ ਮੈਂਬਰ ਬਹਾਦਰ ਖਾਨ ਧਬਲਾਨ ਨੇ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ‘ਚ ਰੋਜ਼ੇ ਰੱਖਣ ਵਾਲੀ ਇੱਕ ਵਿਦਿਆਰਥਣ ਦੇ ਨਾਲ ਬਦਸਲੂਕੀ ਕਰਕੇ ਪੜੇ ਲਿਖੇ ਲੋਕਾਂ ਨੇ ਆਪਣੀ ਸੌੜੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ ਜੋ ਨਿੰਦਣਯੋਗ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਸਕੂਲਾਂ ਦੀ ਮਾਨਤਾ ਤੁਰੰਤ ਰੱਦ ਕੀਤੀ ਜਾਣੀ ਚਾਹੀਦੀ ਹੈ।