ਚੰਡੀਗੜ, 29 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਖਿੱਚੀਆਂ ਗਈਆਂ ਧੜੇਬੰਦੀ ਦੀਆਂ ਲਕੀਰਾਂ ਪੰਜਾਬ ਯੂਥ ਕਾਂਗਰਸ ਦੇ ਸੰਗਠਨਾਤਮਿਕ ਢਾਂਚੇ ਤੱਕ ਵੀ ਜਾ ਪੁੱਜੀਆਂ ਹਨ। ਬੀਤੇ ਕੱਲ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਕੀਤੀ ਜਾਰੀ ਲਿਸਟ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਰੱਦ ਕਰ ਦਿੱਤੀ ਹੈ। ਧਿਆਨਦੇਣ ਯੋਗ ਹੈ ਕਿ ਅਹੁਦੇਦਾਰਾਂ ਦੀ ਲਿਸਟ ਕਾਂਗਰਸ ਦੇ ਨੈਸ਼ਨਲ ਸੈਕਟਰੀ ਤੇ ਯੂਥ ਕਾਂਗਰਸ ਪੰਜਾਬ ਦੇ ਇੰਚਾਰਜ ਬੰਟੀ ਸੈਲਕੇ ਅਤੇ ਮੁਕੇਸ਼ ਕੁਮਾਰ ਸਹਾਇਕ ਇੰਚਾਰਜ ਯੂਥ ਕਾਂਗਰਸ ਪੰਜਾਬ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਸੀ ਜਿਸ ਨੂੰ ਬਰਿੰਦਰ ਸਿੰਘ ਢਿੱਲੋਂ ਨੇ ਰੱਦ ਕਰ ਦਿੱਤਾ ਹੈ। ਮਿਤੀ 28 ਅਗਸਤ ਨੂੰ ਅਹੁਦੇਦਾਰਾਂ ਦੀ ਸੂਚੀ ਰੱਦ ਕਰਨ ਸੰਬੰਧੀ ਢਿੱਲੋਂ ਵੱਲੋਂ ਜਾਰੀ ਕੀਤੇ ਪੱਤਰ ਦੀ ਭਾਸ਼ਾ ਤੋਂ ਸਾਫ ਝਲਕ ਪੈ ਰਹੀ ਹੈ ਕਿ ਯੂਥ ਕਾਂਗਰਸ ਵਿੱਚ ਵੀ ਕੈਪਟਨ ਅਤੇ ਸਿੱਧੂ ਧੜਿਆਂ ਅਨੁਸਾਰ ਹੀ ਵੰਡੀਆਂ ਪੈ ਚੁੱਕੀਆਂ ਹਨ। ਕੁੱਲ ਮਿਲਾ ਕਿ ਇਹ ਕਹਿਣਾ ਵਾਜਿਬ ਹੈ ਕਿ ਪੰਜਾਬ ਕਾਂਗਰਸ ਵਾਂਗ ਯੂਥ ਕਾਂਗਰਸ ਵਿੱਚ ਵੀ ‘ਸਭ ਅੱਛਾ ਨਹੀਂ’ ਹੈ।