-ਬਰਨਾਲਾ ਦੇ ਨੌਜਵਾਨ ਆਗੂ ਤੇ ਬੀਬੀ ਘਨੌਰੀ ਖ਼ਿਲਾਫ਼ ਕੱਢੀ ਭੜਾਸ
-ਪੀਪੀਸੀਸੀ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਦੀ ਮੀਟਿੰਗ ’ਚ ਬੇਬਾਕ ਹੋਏ ਕਾਂਗਰਸੀ
ਬਰਨਾਲਾ, 29 ਅਗਸਤ (ਨਿਰਮਲ ਸਿੰਘ ਪੰਡੋਰੀ) : ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਬਰਨਾਲਾ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਪਾਰਟੀ ਦੇ ਆਗੂਆਂ/ਵਰਕਰਾਂ ਨਾਲ ਮੀਟਿੰਗ ਕਰਕੇ ਜ਼ਿਲੇ ’ਚ ਪਾਰਟੀ ਦੀ ਸਥਿਤੀ ਦਾ ਜ਼ਾਇਜਾ ਲਿਆ। ਮੀਟਿੰਗ ਦੌਰਾਨ ਹਾਜ਼ਰ ਕਾਂਗਰਸੀ ਆਗੂਆਂ ਨੇ ਸ੍ਰੀ ਪਵਨ ਗੋਇਲ ਤੋਂ ਮੰਗ ਕੀਤੀ ਕਿ ਬਰਨਾਲਾ ਤੋਂ ਕੇਵਲ ਸਿੰਘ ਢਿੱਲੋਂ ਨੂੰ ਜਲਦੀ ਉਮੀਦਵਾਰ ਐਲਾਨਿਆ ਜਾਵੇ। ਇਹ ਮੰਗ ਕਰਨ ਵਾਲੇ ਆਗੂਆਂ ਦਾ ਤਰਕ ਸੀ ਕਿ ਹਲਕੇ ’ਚ ਪਾਰਟੀ ਦੇ ਹੀ ਕੁਝ ਆਗੂਆਂ ਵੱਲੋਂ ਟਿਕਟ ਦੀ ਝਾਕ ’ਚ ਕੇਵਲ ਸਿੰਘ ਢਿੱਲੋਂ ਦੀ ਵਿਰੋਧਤਾ ਕੀਤੀ ਜਾ ਰਹੀ ਹੈ। ਜਿਸ ਨਾਲ ਹਲਕੇ ’ਚ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਕੁਝ ਆਗੂਆਂ ਨੇ ਕੇਵਲ ਸਿੰਘ ਢਿੱਲੋਂ ਦੇ ਮੁਕਾਬਲੇ ਟਿਕਟ ਦਾ ਦਾਅਵਾ ਠੋਕਣ ਵਾਲੇ, ਸ਼ੋਸ਼ਲ ਮੀਡੀਆ ’ਤੇ ਢਿੱਲੋਂ ਦੀ ਕਾਰਜਪ੍ਰਣਾਲੀ ਸੰਬੰਧੀ ਸਵਾਲ ਕਰਨ ਵਾਲੇ ਹਲਕੇ ’ਚ ਚੰਗਾ ਜਨ ਅਧਾਰ ਰੱਖਣ ਵਾਲੇ ਨੌਜਵਾਨ ਆਗੂ ਦੀਆਂ ਗਤੀਵਿਧੀਆਂ ਨੂੰ ਪਾਰਟੀ ਵਿਰੋਧੀ ਦੱਸਦੇ ਹੋਏ ਪਾਰਟੀ ’ਚੋਂ ਕੱਢਣ ਦੀ ਮੰਗ ਵੀ ਕਰ ਦਿੱਤੀ ਪ੍ਰੰਤੂ ਸ੍ਰੀ ਪਵਨ ਗੋਇਲ ਨੇ ਸੁਲਝੇ ਹੋਏ ਕਾਂਗਰਸੀ ਨੇਤਾ ਵਾਂਗ ਉਕਤ ਆਗੂਆਂ ਦੀ ਗੱਲ ਸੁਣੀ/ਅਣਸੁਣੀ ਕਰ ਦਿੱਤੀ। ਮੀਟਿੰਗ ’ਚ ਹਲਕਾ ਮਹਿਲ ਕਲਾਂ ਨਾਲ ਸੰਬੰਧਿੰਤ ਕੁਝ ਆਗੂਆਂ ਨੇ ਕਾਂਗਰਸ ਦੀ ਹਲਕਾ ਇੰਚਾਰਜ ਖ਼ਿਲਾਫ਼ ਵੀ ਜੰਮ ਕੇ ਭੜਾਸ ਕੱਢਦੇ ਹੋਏ ਨਵੇ ਚਿਹਰੇ ਨੂੰ ਟਿਕਟ ਦੇਣ ਦੀ ਮੰਗ ਕੀਤੀ। ਸ੍ਰੀ ਪਵਨ ਗੋਇਲ ਨੇ ਕੇਵਲ ਸਿੰਘ ਢਿੱਲੋਂ ਦੀਆਂ ਸਿਫ਼ਤਾਂ ਦੇ ਪੁਲ ਬੰਨਦੇ ਹੋਏ ਪਾਰਟੀ ਆਗੂਆਂ/ਵਰਕਰਾਂ ਨੂੰ ਭਰੋਸਾ ਦਿੱਤਾ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਪਾਰਟੀ ਹਾਈਕਮਾਨ ਨਾਲ ਸਾਂਝਾ ਕਰਨਗੇ। ਇਸ ਮੌਕੇ ਜ਼ਿਲਾ ਪ੍ਰੀਸ਼ਦ ਦੀ ਚੇਅਰਪਰਸਨ ਸਰਬਜੀਤ ਕੌਰ, ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।