ਚੰਡੀਗੜ, 30 ਅਗਸਤ (ਜੀ98 ਨਿਊਜ਼) : ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਪੁਲਿਸ ਦੇ ਕੇਸਾਂ ਦੀ ਪੜਤਾਲ ਸੰਬੰਧੀ ਨੀਤੀ ਉੱਪਰ ਗੰਭੀਰ ਟਿੱਪਣੀ ਕੀਤੀ ਹੈ। ਵਧੀਕ ਸੈਸ਼ਨ ਜੱਜ ਵਿਨੋਦ ਯਾਦਵ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਟਿੱਪਣੀਆਂ ਕੀਤੀਆਂ ਕਿ 2020 ’ਚ ਉੱਤਰ-ਪੂਰਬੀ ਦਿੱਲੀ ਵਿੱਚ ਹੋਏ ਦੰਗਿਆਂ ਦੇ ਕਈ ਮਾਮਲਿਆਂ ਵਿੱਚ ਜਾਂਚ ਦਾ ਮਿਆਰ ਘਟੀਆ ਪੱਧਰ ਦਾ ਹੈ। ਉਨਾਂ ਕਿਹਾ ਕਿ ਬਹੁਤੇ ਕੇਸਾਂ ਵਿੱਚ ਜਾਂਚ ਅਧਿਕਾਰੀ ਅਦਾਲਤ ਸਾਹਮਣੇ ਪੇਸ਼ ਹੀ ਨਹੀਂ ਹੋ ਰਹੇ। ਜੱਜ ਨੇ ਹੈਰਾਨੀ ਪ੍ਰਗਟ ਕੀਤੀ ਕਿ ਕੁਝ ਕੇਸਾਂ ਵਿੱਚ ਪੁਲਿਸ ਅਧਿਕਾਰੀ ਖ਼ੁਦ ਪੀੜਤ ਹੋਣ ਦੇ ਬਾਵਜੂਦ ਵੀ ਘਟਨਾ ਨਾਲ ਸੰਬੰਧਿਤ ਤੱਥ ਇਕੱਠੇ ਕਰਨ ’ਚ ਰੁਚੀ ਨਹੀਂ ਲੈ ਰਹੇ। ਪੁਲਿਸ ਅਧਿਕਾਰੀ ਬਹਿਸ ਲਈ ਵਕੀਲਾਂ ਨੂੰ ਵਿਸਥਾਰਤ ਜਾਣਕਾਰੀ ਦੇਣ ਦੀ ਬਜਾਏ ਸੁਣਵਾਈ ਵਾਲੇ ਦਿਨ ਚਾਰਜਸ਼ੀਟ ਦੀ ਪੀਡੀਐਫ ਵਕੀਲਾਂ ਦੀ ਮੇਲ ਉੱਪਰ ਭੇਜ ਦਿੰਦੇ ਹਨ। ਜੱਜ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਸੁਧਾਰ ਸੰਬੰਧੀ ਕਦਮ ਉਠਾਉਣ ਲਈ ਨਿਰਦੇਸ਼ ਦਿੱਤੇ ਹਨ। ਜੱਜ ਨੇ ਟਿੱਪਣੀ ਕੀਤੀ ਕਿ ਇਸ ਮਾਮਲੇ ’ਚ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਪੀੜਤ ਲੋਕਾਂ ਨਾਲ ਬੇਇਨਸਾਫ਼ੀ ਨਾ ਹੋਵੇ।