ਬਰਨਾਲਾ, 31 ਅਗਸਤ (ਨਿਰਮਲ ਸਿੰਘ ਪੰਡੋਰੀ) : ਬਰਨਾਲਾ -ਬਠਿੰਡਾ ਹਾਈਵੇ ਉੱਪਰ ਸਵੇਰੇ ਕਰੀਬ 9 ਕੁ ਵਜੇ ਇੱਕ ਕਰੂਜ ਕਾਰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ, ਖ਼ੁਸ਼ ਕਿਸਮਤੀ ਨਾਲ ਕਾਰ ਵਿੱਚ ਸਵਾਰ ਹਰੀਸ਼ ਕੁਮਾਰ ਤੇ ਗੁਰਲਾਭ ਸਿੰਘ ਵਾਲ-ਵਾਲ ਬਚ ਗਏ। ਘਟਨਾ ਸੰਬੰਧੀ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹ ਬਠਿੰਡਾ ਤੋਂ ਰਾਜਪੁਰਾ ਜਾ ਰਹੇ ਸਨ, ਤਾਂ ਤਪਾ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਨੇ ਸਾਡੀ ਕਾਰ ਨੂੰ ਅੱਗ ਲੱਗਣ ਸੰਬੰਧੀ ਸਾਨੂੰ ਦੱਸਿਆ, ਜਦੋਂ ਅਸੀਂ ਕਾਰ ‘ਚੋਂ ਬਾਹਰ ਨਿਕਲੇ ਤਾਂ ਕਾਰ ਹੇਠਾਂ ਅੱਗ ਲੱਗੀ ਹੋਈ ਸੀ। ਅੱਗ ਦੀਆਂ ਲਪਟਾਂ ਇੱਕਦਮ ਉੱਚੀਆਂ ਹੋ ਗਈਆਂ, ਅੱਗ ਐਨੀ ਤੇਜ਼ ਸੀ ਕਿ ਕੋਈ ਵਿਅਕਤੀ ਨੇੜੇ ਨਹੀਂ ਲੱਗਿਆ। ਉਨਾਂ ਦੱਸਿਆ ਕਿ ਕਰੀਬ ਅੱਧੇ-ਪੌਣੇ ਘੰਟੇ ਬਾਅਦ ਰਾਮਪੁਰਾ ਤੋਂ ਫਾਇਰਬਿ੍ਗੇਡ ਦੀ ਗੱਡੀ ਪੁੱਜੀ ਪ੍ਰੰਤੂ ਉਦੋਂ ਤੱਕ ਕਾਰ ਪੂਰੀ ਤਰਾਂ ਸੜ ਕੇ ਸੁਆਹ ਹੋ ਚੁੱਕੀ ਸੀ। ਮੌਕੇ ’ਤੇ ਇਕੱਤਰ ਹੋਏ ਲੋਕਾਂ ਨੇ ਡੀਸੀ ਬਰਨਾਲਾ ਤੋਂ ਮੰਗ ਕੀਤੀ ਕਿ ਤਪਾ ਵਿਖੇ ਪੱਕੇ ਤੌਰ ’ਤੇ ਇੱਕ ਫਾਇਰਬਿ੍ਰਗੇਡ ਦੀ ਗੱਡੀ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਅਜਿਹੀ ਘਟਨਾ ਸਮੇਂ ਜ਼ਿਆਦਾ ਨੁਕਸਾਨ ਤੋਂ ਬਚਾਇਆ ਜਾ ਸਕੇ ਕਿਉਂਕਿ ਜਦੋਂ ਤੱਕ ਰਾਮਪੁਰਾ ਜਾਂ ਬਰਨਾਲਾ ਤੋਂ ਫਾਇਰਬਿ੍ਗੇਡ ਆਉਦੀ ਹੈ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਜਾਂਦਾ ਹੈ।