ਬਰਨਾਲਾ, 31 ਅਗਸਤ (ਨਿਰਮਲ ਸਿੰਘ ਪੰਡੋਰੀ) : ਆਮ ਆਦਮੀ ਪਾਰਟੀ ਵੱਲੋਂ ਸਥਾਨਕ ਕਚਿਹਰੀ ਚੌਂਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਂਏ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਖੱਟਰ ਸਰਕਾਰ ਵੱਲੋਂ ਭਾਜਪਾ ਦੀ ਕੇਂਦਰ ਸਰਕਾਰ ਦੀ ਸ਼ਹਿ ’ਤੇ ਕਰਨਾਲ ’ਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਕੀਤਾ ਲਾਠੀਚਾਰਜ ਅਤਿ ਨਿੰਦਣਯੋਗ ਕਾਰਵਾਈ ਹੈ। ਗੁਰਦੀਪ ਸਿੰਘ ਬਾਠ ਨੇ ਟਿੱਪਣੀ ਕੀਤੀ ਕਿ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਇੱਕ ਪੁਆਇੰਟ ਇਹ ਵੀ ਹੈ ਕਿ ਕਾਰਪੋਰੇਟ ਘਰਾਣਿਆਂ ਅਤੇ ਕਿਸਾਨਾਂ ਖ਼ਿਲਾਫ਼ ਕਿਸੇ ਵੀ ਝਗੜੇ ਦਾ ਹੱਲ ਸਥਾਨਕ ਐਸਡੀਐਮ ਕਰੇਗਾ ਪਰ ਕਰਨਾਲ ਦੇ ਐਸਡੀਐਮ ਨੇ ਇਹ ਝਲਕ ਦਿਖਾ ਦਿੱਤੀ ਹੈ ਕਿ ਖੇਤੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਐਸਡੀਐਮ ਦੀ ਭੂਮਿਕਾ ਕੀ ਹੋਵੇਗੀ। ਹਲਕਾ ਭਦੌੜ ਦੇ ਇੰਚਾਰਜ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਚੰਡੀਗੜ ਪੁਲਿਸ ਵੱਲੋਂ ‘ਆਪ’ ਦੀਆਂ ਮਹਿਲਾਂ ਵਰਕਰਾਂ ਉੱਪਰ ਕੀਤਾ ਤਸ਼ੱਦਦ ਅਤੇ ਕਰਨਾਲ ਪਲਿਸ ਵੱਲੋਂ ਕਿਸਾਨਾਂ ਉੱਪਰ ਕੀਤਾ ਬੇਰਹਿਮ ਜ਼ੁਲਮ ਨਾ-ਬਰਦਾਸ਼ਤਯੋਗ ਕਾਰਵਾਈਆਂ ਹਨ। ਜਿਨਾਂ ਦੇ ਖ਼ਿਲਾਫ਼ ‘ਆਪ’ ਵੱਲੋਂ ਸਮੁੱਚੇ ਪੰਜਾਬ ’ਚ ਮੋਦੀ ਤੇ ਖੱਟਰ ਦੇ ਪੁਤਲੇ ਸਾੜੇ ਗਏ ਹਨ। ਉਕਤ ਆਗੂਆਂ ਮੰਗ ਕੀਤੀ ਕਿ ਕਿਸਾਨਾਂ ਉੱਪਰ ਲਾਠੀਆਂ ਚਲਾਉਣ ਦਾ ਹੁਕਮ ਦੇਣ ਵਾਲੇ ਐਸਡੀਐਮ ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ‘ਆਪ’ ਦੇ ਲੋਕ ਸਭਾ ਹਲਕਾ ਇੰਚਾਰਜ ਮਹਿੰਦਰ ਸਿੰਘ ਸਿੱਧੂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਸੰਬੰਧੀ ‘ਆਪ’ ਦੇ ਵਰਕਰਾਂ ਵੱਲੋਂ ਸ਼ੁਰੂ ਕੀਤੀ ਮੁਹਿੰਮ ਬਾਰੇ ਕਿਹਾ ਕਿ ਜਿਸ ਨੂੰ ਹਾਈਕਮਾਨ ਮੁੱਖ ਮੰਤਰੀ ਦਾ ਚਿਹਰਾ ਬਣਾਕੇ ਭੇਜੇਗੀ ਉਹ ਵਰਕਰਾਂ ਨੂੰ ਮਨਜ਼ੂਰ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਸੰਬੰਧੀ ਵਿਧਾਇਕ ਮੀਤ ਹੇਅਰ ਅਤੇ ਕੁਲਵੰਤ ਸਿੰਘ ਪੰਡੋਰੀ ਦੇ ਸ਼ਾਮਲ ਹੋਣ ਬਾਰੇ ਵੀ ਪੱਤਰਕਾਰਾਂ ਨੂੰ ਸੁਨੇਹੇ ਲੱਗੇ ਸਨ ਪ੍ਰੰਤੂ ਇਸ ਸਮਾਗਮ ’ਚੋਂ ਦੋਵੇ ਵਿਧਾਇਕ ਗੈਰਹਾਜ਼ਰ ਰਹੇ , ਕੁੱਲ ਮਿਲਾ ਕੇ ਇਸ ਜ਼ਿਲਾ ਪੱਧਰੀ ਸਮਾਗਮ ’ਚ ਤਿੰਨਾਂ ਹਲਕਿਆਂ ਤੋਂ ਪੁੱਜੇ ਪਾਰਟੀ ਦੇ ਇੱਕ ਸੈਂਕੜੇ ਤੋਂ ਵੀ ਘੱਟ ਵਰਕਰ ਹਾਜ਼ਰ ਸਨ।