ਬਰਨਾਲਾ, 01 ਸਤੰਬਰ (ਨਿਰਮਲ ਸਿੰਘ ਪੰਡੋਰੀ) : ‘‘ਮੈਂ ਤਾਜ ਬਣਾਵਾਂ ਕੀਹਦੇ ਲਈ, ਮੇਰੀ ਮੁਮਤਾਜ ਬੇਵਫ਼ਾ ਏ ’’ ਸੁਪਰਹਿੱਟ ਗੀਤ ਦੇ ਲੇਖਕ ਸਹਿਬਾਜ਼ ਦੀ ਮੌਤ ਰੂਪੀ ਮੁਮਤਾਜ ਸੱਚਮੁੱਚ ਹੀ ਬੇਵਾਫਾਈ ਕਰ ਗਈ। ਸਹਿਬਾਜ਼ ਬੀਤੇ ਕੱਲ ਬਰਨਾਲਾ ਤੋਂ ਵਾਪਸ ਆਪਣੇ ਪਿੰਡ ਧੂਰਕੋਟ ਜਾਂਦਾ ਹੋਇਆ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਸਦਾ ਲਈ ਮੌਤ ਦੀ ਨੀਂਦ ਸੌਂ ਗਿਆ। ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨਾਲ ਸਹਿਬਾਜ਼ ਦੇ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਤੋਂ ਬਾਅਦ ਉਸ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਮਿ੍ਰਤਕ ਕਰਾਰ ਦੇ ਦਿੱਤਾ। ਸਹਿਬਾਜ਼ ਦੀ ਕਲਮ ’ਚੋਂ ‘ਨੈਣ ਨੈਣਾਂ ਨਾ ਮਿਲਾਂ ਲੀਂ ਭੇਦ ਖੁੱਲ ਜੂਗਾ ਸਾਰਾ’’, ਵਰਗੇ ਹਿੱਟ ਗੀਤ ਨਿਕਲੇ । ਸਹਿਬਾਜ਼ ਦੀ ਕਲਮ ਨੇ ਪੰਜਾਬੀ ਦੇ ਕਈ ਗਾਇਕਾਂ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਸਹਿਬਜ਼ ਦੇ ਪਰਿਵਾਰ ਅਤੇ ਮਿੱਤਰਾਂ ਲਈ ਉਸ ਦੀ ਮੌਤ ਕਹਿਰ ਬਣ ਕੇ ਬਹੁੜੀ ਕਿਉਂਕਿ ਅਜੇ ਉਸ ਦੇ ਭਰਾ ਪ੍ਰਸਿੱਧ ਗੀਤਕਾਰ ਗੁਰਨਾਮ ਗਾਮਾ ਦਾ ਸਿਵਾ ਵੀ ਠੰਡਾ ਨਹੀਂ ਹੋਇਆ ਸੀ। ਉਸ ਦੀ ਅਚਾਨਕ ਮੌਤ ਨਾਲ ਪੰਜਾਬੀ ਗੀਤਕਾਰੀ/ਗਾਇਕੀ ਪ੍ਰੇਮੀਆਂ ਨੂੰ ਡੂੰਘਾ ਸਦਮਾ ਲੱਗਿਆ ਹੈ।