ਬਰਨਾਲਾ,01 ਸਤੰਬਰ (ਨਿਰਮਲ ਸਿੰਘ ਪੰਡੋਰੀ) : ਪੰਜਾਬ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਸੂਬੇ ’ਚ ਇੱਕ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ ਹੈ। ਹਰੀਸ਼ ਰਾਵਤ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਦੀ ਤੁਲਨਾ ਪੰਜ ਪਿਆਰਿਆਂ ਨਾਲ ਕਰ ਦਿੱਤੀ। ਸ਼ੋ੍ਰਮਣੀ ਅਕਾਲੀ ਦਲ ਨੇ ਹਰੀਸ਼ ਰਾਵਤ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ ਹੈ। ਇਸੇ ਲੜੀ ਤਹਿਤ ਬਰਨਾਲਾ ਵਿਖੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਤਰਨਜੀਤ ਸਿੰਘ ਦੁੱਗਲ ਅਤੇ ਦਿਹਾਤੀ ਪ੍ਰਧਾਨ ਪ੍ਰਗਟ ਸਿੰਘ ਲਾਡੀ ਜਲੂਰ ਦੀ ਅਗਵਾਈ ਹੇਠ ਹਰੀਸ਼ ਰਾਵਤ ਦਾ ਪੂਤਲਾ ਸਾੜ ਕੇ ਕਾਂਗਰਸ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ,ਬਸਪਾ ਦੇ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਜੱਸੀ, ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਆਦਿ ਬੁਲਾਰਿਆਂ ਨੇ ਕਿਹਾ ਕਿ ਕਾਂਗਰਸ ਆਗੂਆਂ ਦੀ ਸਿੱਖ ਧਰਮ ਪ੍ਰਤੀ ਸੋਚ ਅਤੇ ਨਕਾਰਾਤਮਿਕ ਪਹੁੰਚ ਸਾਹਮਣੇ ਆ ਗਈ ਹੈ । ਉਨਾਂ ਕਿਹਾ ਕਿ ਕਾਂਗਰਸ ਸਮੇਂ-ਸਮੇਂ ਤੇ ਸਿੱਖ ਧਰਮ ਨੂੰ ਬਦਨਾਮ ਕਰਨ ਲਈ ਅਜਿਹੀਆਂ ਕੋਝੀਆਂ ਹਰਕਤਾਂ ਕਰਦੀ ਆਈ ਹੈ , ਜੋ ਬਰਦਾਸ਼ਤ ਕਰਨਯੋਗ ਨਹੀਂ ਹਨ। ਉਨਾਂ ਕਿਹਾ ਕਿ ਹਰੀਸ਼ ਰਾਵਤ ਨੇ ਬੱਜਰ ਗੁਨਾਹ ਕੀਤਾ ਹੈ। ਇਸ ਮੌਕੇ ਸੀਨੀਅਰ ਅਕਾਲੀ ਆਗੂ ਰੁਪਿੰਦਰ ਸਿੰਘ ਸੰਧੂ, ਨਿਹਾਲ ਸਿੰਘ ਉੱਪਲੀ, ਰਾਜਿੰਦਰ ਸਿੰਘ ਦਰਾਕਾ, ਰਣਦੀਪ ਸਿੰਘ ਢਿੱਲੋਂ, ਸੋਨੀ ਜਾਗਲ, ਜਤਿੰਦਰ ਜਿੰਮੀ, ਨੀਰਜ ਗਰਗ, ਬੇਅੰਤ ਸਿੰਘ ਬਾਠ ਸਮੇਤ ਭਰਵੀਂ ਗਿਣਤੀ ’ਚ ਸੀਨੀਅਰ ਤੇ ਯੂਥ ਆਗੂ ਹਾਜ਼ਰ ਸਨ।