ਬਰਨਾਲਾ, 02 ਸਤੰਬਰ (ਨਿਰਮਲ ਸਿੰਘ ਪੰਡੋਰੀ) : ਪਿੰਡ ਧਨੇਰ ਵਾਸੀਆਂ ਨੇ ਸਿੱਖਿਆ ਵਿਭਾਗ ਦੀ ਪਿੰਡ ਦੇ ਸਕੂਲ ਪ੍ਰਤੀ ਧਾਰਨ ਕੀਤੀ ਬੇਰੁਖੀ ਤੋਂ ਅੱਕ ਕੇ ਸਕੂਲ ਅੱਗੇ ਧਰਨਾ ਲਗਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੀ ਸਰਪੰਚ ਵੀਰਪਾਲ ਕੌਰ ਤੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਮਿਡਲ ਸਕੂਲ ’ਚ ਇਸ ਵੇਲੇ ਕੋਈ ਅਧਿਆਪਕ ਨਹੀਂ ਹੈ, ਜਿਹੜਾ ਇੱਕ ਅਧਿਆਪਕ ਸੀ ਉਹਦੀ ਸਰਕਾਰ ਨੇ ਬਦਲੀ ਕਰ ਦਿੱਤੀ ਹੈ। ਉਨਾਂ ਕਿਹਾ ਕਿ ਅਸੀਂ ਕਈ ਵਾਰ ਸੰਬੰਧਿਤ ਅਧਿਕਾਰੀਆਂ ਨੂੰ ਮਿਲੇ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪੇ ਪ੍ਰੇਸ਼ਾਨ ਹਨ ਕਿਉਂਕਿ ਪਹਿਲਾਂ ਕੋਰੋਨਾ ਕਾਰਨ ਅਤੇ ਹੁਣ ਅਧਿਆਪਕਾਂ ਦੀ ਘਾਟ ਕਾਰਨ ਪੜਾਈ ਦਾ ਨੁਕਸਾਨ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਸਰਪੰਚ ਅਤੇ ਬੀਕੇਯੂ ਡਕੌਂਦਾ ਦੇ ਆਗੂ ਮਨਜੀਤ ਸਿੰਘ ਧਨੇਰ ਨੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸਕੂਲ ’ਚ ਧਰਨਾ ਲਗਾ ਦਿੱਤਾ ਅਤੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਧਿਆਪਕ ਨਾ ਭੇਜਿਆ ਗਿਆ ਤਾਂ ਸਕੂਲ ਨੂੰ ਪੱਕੇ ਤੌਰ ’ਤੇ ਜਿੰਦਰਾ ਲਗਾ ਦਿੱਤਾ ਜਾਵੇਗਾ। ਪਿੰਡ ਵਾਸੀਆਂ ਦੀ ਚਿਤਾਵਨੀ ਨੇ ਅਧਿਕਾਰੀਆਂ ’ਚ ਹਲਚਲ ਪੈਦਾ ਕੀਤੀ ਤੇ ਫਿਰ ਧਰਨਾ ਲਗਾਉਣ ਤੋਂ ਕੁਝ ਘੰਟਿਆਂ ਬਾਅਦ ਹੀ ਇੱਕ ਅਧਿਆਪਕ ਸੁਲਤਾਨ ਖਾਂ ਨੇ ਸਕੂਲ ਵਿੱਚ ਜੁਆਇਨ ਕੀਤਾ। ਪਿੰਡ ਵਾਸੀਆਂ ਨੇ ਅਧਿਆਪਕ ਸੁਲਤਾਨ ਖਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਸਕੂਲ ਨੂੰ ਜਿੰਦਾ ਲਗਾਉਣ ਦੀ ਧਮਕੀ ਤੋਂ ਬਾਅਦ ਸਿੱਖਿਆ ਅਧਿਕਾਰੀਆਂ ਦੀ ਜਾਗ ਖੁੱਲੀ ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜਿੰਨਾ ਸਮਾਂ ਲੋਕ ਟੇਢੀ ਉਂਗਲ ਨਾਲ ਘਿਓ ਕੱਢਣ ਦੀ ਨੀਤੀ ਨਾ ਅਪਨਾਉਣ ਉਦੋਂ ਤੱਕ ਸਰਕਾਰਾਂ/ਅਧਿਕਾਰੀਆਂ ਦੇ ਕੰਨ ’ਤੇ ਜੂੰ ਨਹੀਂ ਸਰਕਦੀ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਸਕੂਲ ਦੇ ਇੱਕੋ ਇੱਕ ਅਧਿਆਪਕ ਦੀ ਬਦਲੀ ਕਿਉਂ ਕੀਤੀ ਗਈ ਜਾਂ ਬਦਲੀ ਕਰਨ ਤੋਂ ਪਹਿਲਾਂ ਬਦਲਵੇਂ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਕੀ ਲੋਕਾਂ ਦਾ ਦਰੀਆਂ ਵਿਛਾ ਕੇ ਧੁੱਪੇ ਬੈਠਣਾ ਅਧਿਕਾਰੀਆਂ ਨੂੰ ਸ਼ੁਗਲ ਲੱਗਦਾ ਹੈ।