–ਜ਼ਿਲਾ ਬਰਨਾਲਾ ਵਿਚ ਨਸ਼ਿਆਂ ਦੀ ਅਲਾਮਤ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ: ਐਸਐਸਪੀ ਮੀਨਾ
-ਯੂਨੀਵਰਸਿਟੀ ਕੈਂਪਸ ਢਿੱਲਵਾਂ ਵਿਖੇ ਨਸ਼ਿਆਂ ਵਿਰੱਧ ਸੈਮੀਨਾਰ
ਬਰਨਾਲਾ,02 ਸਤੰਬਰ (ਨਿਰਮਲ ਸਿੰਘ ਪੰਡੋਰੀ) : ਜੇਕਰ ਹਰ ਵਿਅਕਤੀ, ਮਾਪੇ, ਪੰਚਾਂਿੲਤੀ ਨੁਮਾਇੰਦੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਸ਼ਿਆਂ ਖ਼ਿਲਾਫ਼ ਡਟ ਜਾਣ ਤਾਂ ਹੀ ਨਸ਼ਾ ਮੁਕਤੀ ਮੁਹਿੰਮ ਨੂੰ ਪੂਰੀ ਤਰਾਂ ਸਾਰਥਕ ਬਣਾ ਕੇ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾ ਸਕਦਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਪੰਜਾਬੀ ਯੂਨੀਵਰਸਿਟੀ ਨੇਬਰਹੁਡ ਕੈਂਪਸ ਢਿੱਲਵਾਂ (ਬਰਨਾਲਾ) ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਮੌਕੇ ਕੀਤਾ। ਉਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਉਥੇ ਮਾਪੇ ਵੀ ਆਪਣੇ ਬੱਚਿਆਂ ’ਤੇ ਨਜ਼ਰ ਰੱਖਣ ਅਤੇ ਨਸ਼ਿਆਂ ਜਿਹੀ ਸਮਾਜਿਕ ਬੁਰਾਈ ਦੇ ਖਾਤਮੇ ਲਈ ਪ੍ਰਸ਼ਾਸਨ ਨੂੰ ਸਹਿਯੋਗ ਦੇਣ। ਇਸ ਮੌਕੇ ਜ਼ਿਲਾ ਪੁਲੀਸ ਮੁਖੀ ਸ੍ਰੀ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਨੌਜਵਾਨਾਂ ਨੂੰ ਚੰਗੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ ਅਤੇ ਬਰਨਾਲਾ ਪੁਲੀਸ ਸੁਰੱਖਿਆ ਦੇ ਨਾਲ ਨਾਲ ਨੌਜਵਾਨਾਂ ਦੇ ਮਾਰਗਦਰਸ਼ਨ ਲਈ ਤਿਆਰ ਹੈ। ਉਨਾਂ ਕਿਹਾ ਕਿ ਨਸ਼ਿਆਂ ਪ੍ਰਤੀ ਉਨਾਂ ਦੀ ਜ਼ੀਰੋ ਟੌਲਰੈਂਸ ਪਾਲਿਸੀ ਹੈ। ਉਨਾਂ ਕਿਹਾ ਕਿ ਆਮ ਲੋਕਾਂ ਪੁਲੀਸ ਨਾਲ ਨਸ਼ਾ ਤਸਕਰਾਂ ਅਤੇ ਅਜਿਹੇ ਅਨਸਰਾਂ ਦੀ ਜਾਣਕਾਰੀ ਸਾਂਝੀ ਕਰਨ ਤੇ ਪੁਲੀਸ ਪੂਰੀ ਬਣਦੀ ਕਾਰਵਾਈ ਕਰੇਗੀ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਤੇ ਸਰਸਵਤੀ ਸਕੂਲ ਸਹਿਣਾ ਦੇ ਵਿਦਿਆਰਥੀਆਂ ਵੱਲੋਂ ਨਸ਼ਿਆਂ ਵਿਰੁੱਧ ਨਾਟਕ ਖੇਡੇ ਗਏ । ਇਸ ਮੌਕੇ ਐਸਡੀਐਮ ਸ੍ਰੀ ਵਰਜੀਤ ਵਾਲੀਆ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਨਸ਼ਿਆਂ ਦੇ ਖਾਤਮੇ ਲਈ ਹਰ ਵਰਗ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਸਟੇਜ ਸੰਚਾਲਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲੇਕੇ ਦੇ ਪ੍ਰਿੰਸੀਪਲ ਭੀਮ ਸੈਨ ਸ਼ਰਮਾ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ, , ਨਾਇਬ ਤਹਿਸੀਲਦਾਰ ਅਵਤਾਰ ਸਿੰਘ, ਐਸਐਚਓ ਜਗਜੀਤ ਸਿੰਘ, ਡੀਐਫਐਸਓ ਹਰਪ੍ਰੀਤ ਸਿੰਘ, ਕਾਲਜ ਪ੍ਰਿੰਸੀਪਲ ਗੁਰਬਖਸ਼ੀਸ਼ ਸਿੰਘ, ਐਸਐਮਓ ਦਫਤਰ ਤੋਂ ਸੁਖਚੈਨ ਸਿੰਘ, ਸਰਪੰਚ ਗੁਰਜੰਟ ਸਿੰਘ, ਗੁਲਾਬ ਸਿੰਘ, ਜੋਗਿੰਦਰ ਸਿੰਘ, ਵਿਰਸਾ ਸਿੰਘ, ਲਖਵਿੰਦਰ ਸਿੰਘ, ਕਰਮਜੀਤ ਸਿੰਘ ਹੋਰ ਪੰਚਾਇਤੀ ਨੁਮਾਇੰਦੇ, ਪਿੰਡ ਵਾਸੀ ਤੇ ਵਿਦਿਆਰਥੀ ਹਾਜ਼ਰ ਸਨ।